ਸਰਹੰਦ ਚੋਅ 'ਚ ਪੈ ਰਿਹਾ ਸੀਵਰੇਜ ਦਾ ਬਿਨਾਂ ਟਰੀਟ ਹੋਇਆ ਗੰਦਾ ਪਾਣੀ, ਚੋਅ ਨੇ ਧਾਰਿਆ ਗੰਦੇ ਨਾਲੇ ਦਾ ਰੂਪ, ਬਿਮਾਰੀਆਂ ਫੈਲਣ ਦਾ ਖਤਰਾ
ਫਤਿਹਗੜ੍ਹ ਸਾਹਿਬ, 8 ਸਤੰਬਰ 2024 - ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਚੋਅ ਵਿੱਚ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਟਰੀਟ ਹੋਇਆ ਪੈਣ ਕਾਰਨ ਗੰਦੇ ਨਾਲੇ ਦਾ ਰੂਪ ਧਾਰਿਆ ਅਤੇ ਗੰਦਗੀ ਦੇ ਲੱਗੇ ਵੱਡੇ-ਵੱਡੇ ਢੇਰਾਂ ਕਾਰਨ ਸਰਹਿੰਦ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਬਣਿਆ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ:ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜਿਲਾ ਪਰਿਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਕੀਤਾ, ਜਿਸ ਦੇ ਜਿੰਮੇਵਾਰ ਵਿਭਾਗ ਦੇ ਉੱਚ ਅਧਿਕਾਰੀ ਅਤੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹਨ।ਇਹਨਾਂ ਉੱਚ ਅਧਿਕਾਰੀਆਂ ਦੀਆਂ ਅਣਗਹਿਲੀਆ ਕਾਰਨ ਪੰਜਾਬ ਦਾ ਖਜ਼ਾਨਾ ਡਿਵੈਲਪਮੈਂਟ ਕਰਨ ਦੀ ਬਜਾਏ ਜੁਰਮਾਨਿਆਂ ਦੀ ਪੂਰਤੀ ਕਰੇਗਾ।ਉਹਨਾਂ ਕਿਹਾ ਕਿ ਇਸਦੀ ਜਿਊਂਦੀ ਜਾਗਦੀ ਮਿਸਾਲ ਜ਼ਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਜਿਸ ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ 2016 ਵਿੱਚ ਸਰਹਿੰਦ ਅਤੇ ਬਸੀ ਸ਼ਹਿਰ ਨੂੰ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਨੂੰ ਹਰ ਘਰ ਵਿੱਚ ਮੁਹਈਆ ਕਰਵਾਉਣ ਲਈ 98 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਪਿਛਲੇ ਸਮੇਂ ਲਗਭਗ 15ਕਰੋੜ ਦਾ ਵਾਧਾ ਵੀ ਕੀਤਾ ਗਿਆ ਇਸ ਰਾਸੀ ਨਾਲ ਸਰਹਿੰਦ ਅਤੇ ਬਸੀ ਸ਼ਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ, ਗਲੀਆਂ ਨੂੰ ਇੰਟਰਲੋਕ ਟਾਇਲ ਲਾ ਕੇ ਪੱਕੀਆਂ ਕਰਨ ਤੋਂ ਇਲਾਵਾ ਸੀਵਰੇਜ ਪਾਉਣ ਸਮੇਂ ਪੁੱਟਣ ਵਾਲੀਆਂ ਸੜਕਾਂ ਨੂੰ ਦੁਬਾਰਾ ਬਣਾਉਣਾ ਸੀ ਅਤੇ ਹਰ ਘਰ ਤੱਕ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਪੰਜ ਪਾਣੀ ਦੀਆਂ ਟੈਂਕੀਆਂ ਸਰਹਿੰਦ ਸ਼ਹਿਰ ਵਿੱਚ ਇਕ ਪਾਣੀ ਵਾਲੀ ਟੈਂਕੀ ਬਸੀ ਸ਼ਹਿਰ ਵਿੱਚ ਬਣਾਉਣੀ ਸੀ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਪੰਜ ਟ੍ਰੀਟਮੈਂਟ ਪਲਾਂਟ ਸਰਹਿੰਦ ਸ਼ਹਿਰ ਅਤੇ ਇੱਕ ਟਰੀਟਮੈਂਟ ਪਲਾਂਟ ਬਸੀ ਸ਼ਹਿਰ ਵਿਖੇ ਸੀਵਰੇਜ ਪ੍ਰੋਜੈਕਟ ਚਾਲੂ ਹੋਣ ਤੋਂ ਪਹਿਲਾਂ ਟਰੀਟਮੈਂਟ ਪਲਾਂਟ ਚਾਲੂ ਕਰਨੇ ਸਨ ਪ੍ਰੰਤੂ 8 ਸਾਲ ਦਾ ਸਮਾਂ ਬੀਤ ਜਾਣ ਤੇ ਸਰਹਿੰਦ ਅਤੇ ਬਸੀ ਸ਼ਹਿਰ ਦਾ ਸੀਵਰੇਜ ਪ੍ਰੋਜੈਕਟ ਲਮਕ ਅਵਸਥਾ ਵਿੱਚ ਹੈ ਇਸ ਤੋਂ ਇਲਾਵਾ ਸ:ਭੁੱਟਾ ਨੇ ਕਿਹਾ ਕਿ ਸੀਵਰੇਜ,ਗਲੀਆਂ,ਸੜਕਾਂ,ਪਾਣੀ ਦੀ ਸਪਲਾਈ,ਪਾਣੀ ਲਈ ਟੈਂਕੀਆਂ ਅਤੇ ਟ੍ਰੀਟਮੈਂਟ ਪਲਾਂਟਾਂ ਦਾ ਕੰਮ ਮੁਕੰਮਲ ਨਹੀਂ ਹੋਇਆ ਬਲਕਿ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਟਰੀਟ ਹੋਏ ਸਿੱਧੇ ਤੌਰ ਤੇ ਸਰਹਿੰਦ ਚੋ ਵਿੱਚ ਪੈ ਰਿਹਾ ਜਿਸ ਕਰਕੇ ਧਰਤੀ ਹੇਠਲਾ ਪਾਣੀ ਵੀ ਖਰਾਬ ਹੋ ਰਿਹਾ ਹੈ ਸ਼ਹੀਦਾਂ ਦੇ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ,ਜਿਲਾ ਕੰਪਲੈਕਸ ਅਤੇ ਨਾਲ ਲੱਗਦੀ ਸ਼ਹਿਰੀ ਅਬਾਦੀ ਦੇ ਨਜ਼ਦੀਕ ਬਦਬੂ ਫੈਲ ਰਹੀ ਹੈ ਅਤੇ ਇਲਾਕਾ ਨਿਵਾਸੀਆਂ ਲਈ ਬਿਮਾਰੀ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸੀਵਰੇਜ ਦੇ ਮੇਨ ਹੋਲ ਉੱਚੇ ਲੈਵਲ ਤੇ ਲੱਗਣ ਕਾਰਨ ਰੋਜ਼ਾਨਾ ਹਾਸਦੇ ਵਾਪਰ ਰਹੇ ਹਨ।ਸ:ਭੁੱਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਜਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਅਤੇ ਬਸ਼ੀ ਸ਼ਹਿਰ ਦੇ ਸੀਵਰੇਜ ਦੇ ਪ੍ਰੋਜੈਕਟ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 1026 ਕਰੋੜ ਦਾ ਜੁਰਮਾਨਾ ਸਬੰਧਿਤ ਅਫਸਰਾਂ ਦੀ ਜੇਬਾਂ ਵਿੱਚੋਂ ਭਰਵਾਇਆ ਜਾਵੇ ਤਾਂ ਕਿ ਸਰਕਾਰ ਦੇ ਖਜ਼ਾਨੇ ਦੀ ਲੁੱਟ ਹੋਣ ਤੋਂ ਬਚ ਸਕੇ ਇਸ ਮੋਕੇ ਸੁਖਵਿੰਦਰ ਸਿੰਘ ਜਿਲਾ ਪ੍ਰਧਾਨ ਸੈਣੀ ਸਮਾਜ ਜੱਥੇਦਾਰ ਦਵਿੰਦਰ ਸਿੰਘ ਦੀਪਾ ਬਲਰਾਜ ਸਿੰਘ ਸਰਹਿੰਦ ਸਿੰਘ ਲ਼ਖਮੀਰ ਸਿੰਘ ਲਖਵਿੰਦਰ ਸਿੰਘ ਸਲੇਮਪੁਰ ਆਦਿ ਹਾਜਰ ਸਨ।