ਬਿਆਸ ਰੇਲਵੇ ਸਟੇਸ਼ਨ ਤੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
ਬਲਰਾਜ ਸਿੰਘ ਰਾਜਾ
ਬਿਆਸ, 8 ਸਤੰਬਰ 2024 - ਰੇਲਵੇ ਸਟੇਸ਼ਨ ਬਿਆਸ ਦੇ ਨਜ਼ਦੀਕੀ ਖੇਤਰ ਤੋਂ ਅੱਜ ਦੇਰ ਸ਼ਾਮ ਇੱਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇਹ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਪੁਲਿਸ ਚੌਂਕੀ ਬਿਆਸ ਦੇ ਏਐਸਆਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਬਾਹਰਵਾਰ ਖੇਤਰ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਦੀ ਸੂਚਨਾ ਮਿਲਣ ਤੇ ਉਹਨਾਂ ਵੱਲੋਂ ਮੌਕੇ ਉੱਤੇ ਪੁੱਜ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 60 ਤੋਂ 65 ਸਾਲ ਹੈ। ਫਿਲਹਾਲ ਉਕਤ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੀ ਮੋਰਚਰੀ ਦੇ ਵਿੱਚ 72 ਘੰਟੇ ਤੱਕ ਸ਼ਨਾਖਤ ਦੇ ਲਈ ਰਖਵਾਇਆ ਗਿਆ ਹੈ।
ਇਸ ਦੇ ਨਾਲ ਹੀ ਜੀਆਰਪੀ ਪੁਲਿਸ ਚੌਂਕੀ ਬਿਆਸ ਵੱਲੋਂ ਉਕਤ ਮਾਮਲੇ ਦੇ ਵਿੱਚ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।