ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕੀਤਾ ਦੌਰਾ
- ਕੇ.ਵੀ.ਕੇ ਵਿਖੇ ਬਣੇ ਸਾਂਝੇ ਇਨਕਿਊਬੇਸ਼ਨ ਸੈਂਟਰ ਦਾ ਕੀਤਾ ਨਿਰੀਖਣ
- ਕਿਸਾਨਾਂ ਲਈ ਸਾਂਝੇ ਇਨਕਿਊਬੇਸ਼ਨ ਸੈਂਟਰ ਲਾਭਕਾਰੀ ਹੋਵੇਗਾ: ਰਾਖੀ ਗੁਪਤਾ ਭੰਡਾਰੀ
ਪਟਿਆਲਾ, 10 ਸਤੰਬਰ 2024: ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਪੀ.ਐਫ.ਐਮ.ਈ ਸਕੀਮ ਤਹਿਤ ਬਣਾਏ ਜਾ ਰਹੇ ਸਾਂਝੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਹੁਣ ਤੱਕ ਹੋਏ ਕੰਮ ’ਤੇ ਸ਼ਤੁੰਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਂਝੇ ਇਨਕਿਊਬੇਸ਼ਨ ਸੈਂਟਰ ਦੀ ਇਮਾਰਤ ਦਾ ਕੰਮ ਲੇਆਊਟ ਅਨੁਸਾਰ ਹੀ ਹੋਇਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਂਝੇ ਇਨਕਿਊਬੇਸ਼ਨ ਸੈਂਟਰ ਦਾ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਉਨ੍ਹਾਂ ਕਿਹਾ ਕਿ ਇਹ ਸੈਂਟਰ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ। ਇਸ ਮੌਕੇ ਐਸ.ਡੀ.ਐਮ ਪਟਿਆਲਾ ਅਰਵਿੰਦ ਕੁਮਾਰ, ਜੀ.ਐਮ ਪੰਜਾਬ ਐਗਰੋ ਰਜਨੀਸ਼ ਤੁਲੀ, ਖੇਤੀਬਾੜੀ ਵਿਭਾਗ ਦੇ ਏ.ਈ.ਓ ਰਵਿੰਦਰਪਾਲ ਸਿੰਘ ਚੱਠਾ ਤੇ ਡਾ. ਮਹੇਸ਼ ਵੀ ਮੌਜੂਦ ਸਨ।
ਪ੍ਰਿੰਸੀਪਲ ਸਕੱਤਰ ਨੇ ਆਪਣੇ ਦੌਰੇ ਦੌਰਾਨ ਸਾਂਝੇ ਇਨਕਿਊਬੇਸ਼ਨ ਸੈਂਟਰ ਵਿੱਚ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਮਾਹਰਾਂ ਨਾਲ ਫਸਲੀ ਵਿਭਿੰਨਤਾ ’ਤੇ ਚਰਚਾ ਕੀਤੀ। ਉਨ੍ਹਾਂ ਕੇਂਦਰ ਦੇ ਪ੍ਰਦਰਸ਼ਨੀ ਯੂਨਿਟ ਅਤੇ ਤਕਨਾਲੋਜੀ ਪਾਰਕ ਦਾ ਦੌਰਾ ਕੀਤਾ ਅਤੇ ਕੇ.ਵੀ.ਕੇ. ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇਵੀਕੇ, ਪਟਿਆਲਾ ਡਾ. ਹਰਦੀਪ ਸਿੰਘ ਸਭਿਖੀ ਨੇ ਕੇ.ਵੀ.ਕੇ ਵੱਲੋਂ ਕੀਤੀਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।