ਝੋਨੇ ਦੀ ਪਰਾਲੀ ਸਾੜਨ ਦੀ ਮਾੜੀ ਪ੍ਰਥਾ ਬੰਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਪੱਬਾਂ ਭਾਰ
- ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਭਾਗਾਂ ਨੂੰ ਕਾਰਜ ਯੋਜਨਾ ਅਨੁਸਾਰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ
ਫਾਜ਼ਿਲਕਾ 10 ਸਤੰਬਰ 2024 - ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅੱਜ ਇੱਥੇ ਝੋਨੇ ਦੀ ਅਗਲੇ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਵਾਢੀ ਤੋਂ ਬਾਅਦ ਪਰਾਲੀ ਸਾੜਨ ਦੀ ਮਾੜੀ ਪ੍ਰਥਾ ਨੂੰ ਬੰਦ ਕਰਨ ਲਈ ਕੀਤੀ ਯੋਜਨਾ ਬੰਦੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਿੱਥੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਉੱਥੇ ਹੀ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਤਨਦੇਹੀ ਨਾਲ ਕਾਰਜ ਯੋਜਨਾ ਅਨੁਸਾਰ ਕੰਮ ਸ਼ੁਰੂ ਕਰ ਦੇਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਧ ਤੋਂ ਵੱਧ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਤਕਨੀਕੀ ਨੁਕਤੇ ਅਤੇ ਉਪਲਬਧ ਮਸ਼ੀਨਰੀ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 6070 ਮਸ਼ੀਨਾਂ ਪਰਾਲੀ ਦੇ ਪ੍ਰਬੰਧ ਲਈ ਉਪਲਬਧ ਹਨ। ਉਹਨਾਂ ਨੇ ਖੇਤੀਬਾੜੀ ਵਿਭਾਗ ਨੂੰ ਇਹਨਾਂ ਮਸ਼ੀਨਾਂ ਦੀ ਪਿੰਡ ਵਾਰ ਸੂਚੀ ਤਿਆਰ ਕਰਨ ਅਤੇ ਇਨਾਂ ਦੀ ਮੈਪਿੰਗ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਰਹੇ 23 ਹੋਟ ਸਪੋਟ ਪਿੰਡਾਂ ਤੇ ਵਿਸ਼ੇਸ਼ ਨਜ਼ਰ ਰਹੇਗੀ ਅਤੇ ਇੱਥੇ ਪੂਰੀ ਚੌਕਸੀ ਰੱਖੀ ਜਾਵੇਗੀ। ਉਹਨਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਝੋਨੇ ਦੀ ਵਾਢੀ ਦੇ ਸੀਜਨ ਦੌਰਾਨ ਪਿੰਡਾਂ ਵਿੱਚ ਤੈਨਾਤ ਰਹਿਣਗੀਆਂ ਤਾਂ ਜੋ ਜਿੱਥੇ ਕਿਤੇ ਵੀ ਅੱਗ ਲੱਗਣ ਦੀ ਘਟਨਾ ਵਾਪਰੇ ਤੁਰੰਤ ਉਸ ਨੂੰ ਬੁਝਾਇਆ ਜਾ ਸਕੇ।
ਬੋਕਸ ਲਈ ਪ੍ਰਸਤਾਵਿਤ
ਕਿਸਾਨ ਤੁਰੰਤ ਕਰਨ ਮਸ਼ੀਨਾਂ ਦੀ ਖਰੀਦ
ਜਿਨਾਂ ਕਿਸਾਨਾਂ ਨੇ ਮਸ਼ੀਨਾਂ ਖਰੀਦਣ ਲਈ ਸਬਸਿਡੀ ਲੈਣ ਲਈ ਅਰਜੀ ਦਿੱਤੀ ਸੀ ਅਤੇ ਉਹਨਾਂ ਦੀਆਂ ਅਰਜ਼ੀਆਂ ਪ੍ਰਵਾਨ ਹੋਈਆਂ ਹਨ ਉਹ ਤੁਰੰਤ ਆਪਣੀਆਂ ਮਸ਼ੀਨਾਂ ਦੀ ਖਰੀਦ ਕਰ ਲੈਣ । ਜੇਕਰ ਕੋਈ ਕਿਸਾਨ ਜਿਸ ਨੂੰ ਡਰਾਅ ਰਾਹੀਂ ਮਸ਼ੀਨ ਖਰੀਦਣ ਲਈ ਵਿਭਾਗ ਨੇ ਸਪਲਾਈ ਆਰਡਰ ਜਾਰੀ ਕਰ ਦਿੱਤਾ ਸੀ ਅਤੇ ਜੇਕਰ ਉਹ ਮਸ਼ੀਨ ਨਹੀਂ ਖਰੀਦਦਾ ਤਾਂ ਉਸ ਤੋਂ ਅਗਲੇ ਉਡੀਕ ਸੂਚੀ ਅਨੁਸਾਰ ਕਿਸਾਨਾਂ ਦੇ ਨਾਮ ਸਬਸਿਡੀ ਦੇਣ ਲਈ ਵਿਭਾਗ ਵੱਲੋਂ ਵਿਚਾਰ ਲਏ ਜਾਣਗੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਮੱਲੀ, ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ, ਐਸਡੀਐਮ ਸ੍ਰੀ ਬਲਕਰਨ ਸਿੰਘ ਅਤੇ ਪੰਕਜ ਬਾਂਸਲ, ਜ਼ਿਲਾ ਖੇਤੀਬਾੜੀ ਅਫਸਰ ਸੰਦੀਪ ਰਿਣਵਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।