ਮਾਲੇਰਕੋਟਲਾ -ਮੁਆਵਨੀਨ ਏ ਹੁਜਾਜ ਦੁਆਰਾ ਕਿਲਾ ਰਹਿਮਤਗੜ੍ਹ ਦੀ ਮਸਜਿਦ ਏ ਹੁਜੈਫਾ ਵਿੱਚ ਕਰਵਾਈ ਗਈ ਹੱਜ ਸਬੰਧੀ ਮਜਲਿਸ
- ਹੱਜ ਇਸਲਾਮ ਦੇ ਪੰਜ ਵੱਡੇ ਅਸੂਲਾਂ (ਅਕੀਦੇ) ਵਿੱਚੋਂ ਇੱਕ ਵੱਡਾ ਅਸੂਲ ਜਿਸ ਦੀ ਅਦਾਇਗੀ ਹਰ ਮਾਲਦਾਰ ਮੁਸਲਮਾਨ ਉੱਤੇ ਫਰਜ਼--ਮੁਫਤੀ ਏ ਆਜ਼ਮ ਪੰਜਾਬ
- ਕਿਹਾ ਫਰਮਾਨ ਮੁਹੰਮਦ ਸਲ."ਅਗਰ ਕੋਈ ਮਾਲਦਾਰ ਬਿਨਾਂ ਹੱਜ ਕਰੇ ਮਰ ਗਿਆ ਤਾਂ ਉਹ ਯਹੂਦੀ ਹੋ ਕੇ ਮਰੇ ਜਾਂ ਨਿਸਰਾਨੀ ਹੋ ਕੇ ਮਰੇ"
ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਸਤੰਬਰ 2024 - ਹੱਜ ਇਸਲਾਮ ਦੇ ਪੰਜ ਵੱਡੇ ਅਸੂਲਾਂ (ਅਕੀਦੇ) ਵਿੱਚੋਂ ਇੱਕ ਵੱਡਾ ਅਸੂਲ ਹੈ ਜਿਸ ਤੇ ਇਸਲਾਮ ਧਰਮ ਟਿਕਿਆ ਹੋਇਆ ਹੈ। ਇਸਲਾਮ ਵਿੱਚ ਇਹ ਇੱਕ ਅਜਿਹਾ ਫਰਜ਼ ਹੈ ਜੋ ਰੱਬ ਵੱਲੋਂ ਇਮਾਨ,ਨਮਾਜ਼,ਰੋਜ਼ਾ ਤੋਂ ਬਾਅਦ ਹੱਜ ਅਤੇ ਜ਼ਕਾਤ ਮਾਲਦਾਰ ਮੁਸਲਿਮ ਵਿਅਕਤੀ ਉੱਤੇ ਰੱਬ ਦੀ ਤਰਫ ਤੋਂ ਇਸਲਾਮ ਨੂੰ ਮੰਨਣ ਵਾਲਿਆਂ ਉੱਤੇ ਫਰਜ ਕੀਤਾ ਗਿਆ ਹੈ। ਜਿਸ ਨੂੰ ਕਰਨਾ ਕਿੰਨਾ ਕੁ ਜ਼ਰੂਰੀ ਹੈ ਇਸ ਹਦੀਸ ਤੋਂ ਪਤਾ ਚੱਲਦਾ ਹੈ ਜਿਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਸ ਫਰਮਾਉਂਦੇ ਹਨ ਜਿਸ ਦਾ ਮਹਫੂਮ ਹੈ ਕਿ ਅਗਰ ਕੋਈ ਮਾਲਦਾਰ ਬਿਨਾਂ ਹੱਜ ਕਰੇ ਮਰ ਗਿਆ ਤਾਂ ਉਹ ਯਹੂਦੀ ਹੋ ਕੇ ਮਰੇ ਜਾਂ ਨਿਸਰਾਨੀ ਹੋ ਕੇ ਮਰੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਮੁਆਵਨੀਨ ਏ ਹੁਜਾਜ ਦੁਆਰਾ ਕਿਲਾ ਰਹਿਮਤਗੜ੍ਹ ਦੀ ਮਸਜਿਦ ਏ ਹੁਜੈਫਾ ਵਿੱਚ ਕਰਵਾਈ ਇੱਕ ਮਜਲਿਸ ਵਿੱਚ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਂਧਾਲਵੀ ਵੱਲੋਂ ਆਯੋਜਿਤ ਇੱਕ ਹੱਜ ਦੀ ਮਜਲਿਸ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਮੇਂ ਹੱਜ ਦੇ ਫਾਰਮ ਭਰਨ ਦਾ ਸਰਕਾਰ ਦੀ ਤਰਫ ਤੋਂ ਮੌਸਮ ਚੱਲ ਰਿਹਾ ਹੈ ਇਸ ਲਈ ਹਰ ਉਹ ਮੁਸਲਿਮ ਮਾਲਦਾਰ ਜਿਸ ਦੇ ਪਾਸ ਅੱਜ ਦੇ ਦੌਰ ਅੰਦਰ ਕਿਸੇ ਵੀ ਰੂਪ ਵਿੱਚ 5 ਲੱਖ ਰੁਪਏ ਨਕਦ ਜਮੀਨ,ਜਾਇਦਾਦ,ਪ੍ਰੋਪਰਟੀ ਜਾਂ ਮਾਲ ਹੈ ਉਸ ਉੱਤੇ ਹੱਜ ਕਰਨਾ ਰੱਬ ਦੀ ਤਰਫ ਤੋਂ ਫਰਜ਼ ਹੈ ਅਗਰ ਉਹ ਨਹੀਂ ਕਰੇਗਾ ਤਾਂ ਇਸ ਬਾਰੇ ਅੱਲਾ ਪਾਕ ਵੱਲੋਂ ਬੜੀਆਂ ਸਖਤ ਵਾਇਦਾਂ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਜਿਨਾਂ ਲੋਕਾਂ ਤੇ ਹੱਜ ਫਰਜ਼ ਹੈ ਉਹਨਾਂ ਦੀ ਮਿੰਨਤ ਖੁਸ਼ਾਮਦ ਕਰਕੇ ਉਹਨਾਂ ਨੂੰ ਇਸ ਫ਼ਰਜ਼ ਦੀ ਅਦਾਇਗੀ ਲਈ ਤਿਆਰ ਕੀਤਾ ਜਾਵੇ।
ਉਹਨਾਂ ਕਿਹਾ ਕਿ ਹੱਜ ਇੱਕ ਅਜਿਹਾ ਅਮਲ ਹੈ ਜਿਸ ਨੂੰ ਕਰਨ ਤੋਂ ਬਾਅਦ ਪਿਛਲੇ ਸਾਰੇ ਗੁਨਾਹ ਰੱਬ ਦੀ ਤਰਫ ਤੋਂ ਮੁਆਫ ਕਰ ਦਿੱਤੇ ਜਾਂਦੇ ਹਨ ਅਤੇ ਹਾਜੀ ਹੱਜ ਕਰਕੇ ਇਸ ਤਰ੍ਹਾਂ ਵਾਪਸ ਲੋਟਦਾ ਹੈ ਜਿਸ ਤਰ੍ਹਾਂ ਅੱਜ ਹੀ ਮਾਂ ਦੇ ਪੇਟ ਵਿੱਚੋਂ ਪੈਦਾ ਹੋਇਆ ਹੋਵੇ। ਇਸ ਲਈ ਇਨੀਆਂ ਫਜੀਲਤਾਂ ਵਾਲੇ ਇਸ ਰੱਬ ਦੇ ਹੁਕਮ ਨੂੰ ਪੂਰਾ ਕਰਨ ਲਈ ਪੰਜਾਬ ਭਰ ਵਿੱਚ ਸਾਨੂੰ ਆਪਣੀ ਤਰਫ ਤੋਂ ਕੋਸ਼ਿਸ਼ ਅਤੇ ਮਿਹਨਤ ਕਰਕੇ ਵੱਧ ਤੋਂ ਵੱਧ ਵਿਆਕਤੀਆਂ ਨੂੰ ਇਸ ਫਰਜ਼ ਦੀ ਅਦਾਇਗੀ ਲਈ ਤਿਆਰ ਕਰਕੇ ਹੱਜ ਦੇ ਫਾਰਮ ਭਰਵਾਈਏ ਤਾਂ ਜੋ ਉਹ ਵਿਆਕਤੀ ਇਸ ਫਰਜ ਦੀ ਅਦਾਇਗੀ ਕਰ ਸਕੇ ਅਤੇ ਸਾਨੂੰ ਵੀ ਇਸ ਅਮਲ ਲਈ ਰੱਬ ਦੀ ਤਰਫ ਤੋਂ ਕੁਝ ਹਿੱਸਾ/ਇਨਾਮ ਮਿਲ ਸਕੇ। ਆਖਿਰ ਵਿੱਚ ਹੋਈ ਤਸ਼ਕੀਲ ਦੌਰਾਨ ਹਾਜ਼ਰ ਵਿਅਕਤੀਆਂ ਵੱਲੋਂ ਇਸ ਸਾਲ ਹੱਜ ਤੇ ਜਾਣ ਲਈ ਆਪਣੇ ਨਾਂ ਲਿਖਕੇ ਇਰਾਦੇ ਕੀਤੇ ਗਏ।