ਮੋਹਾਲੀ: ਡੀ ਸੀ ਨੇ ਸਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਨੋਡਲ ਅਫਸਰਾਂ ਨੂੰ ਪ੍ਰਬੰਧਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ
- ਜ਼ਿਲ੍ਹਾ ਆਪਣਾ ਪਹਿਲਾ ਸਰਸ ਮੇਲਾ 18 ਤੋਂ 27 ਅਕਤੂਬਰ ਤੱਕ ਆਯੋਜਿਤ ਕਰੇਗਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 1 ਅਕਤੂਬਰ, 2024: ਜ਼ਿਲ੍ਹੇ ਵਿੱਚ 18 ਤੋਂ 27 ਅਕਤੂਬਰ ਤੱਕ ਪਹਿਲੇ ਸਰਸ ਮੇਲੇ ਦੇ ਆਯੋਜਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੀਟਿੰਗ ਕਰਕੇ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਅੱਜ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 11 ਦਿਨ ਚੱਲਣ ਵਾਲੇ ਇਸ ਸਮਾਗਮ ਦੀ ਅਗਵਾਈ ਕਰਨ ਲਈ ਗਠਿਤ 19 ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਗਮ ਵੱਖ-ਵੱਖ ਰਾਜਾਂ ਦੇ ਕਾਰੀਗਰਾਂ ਅਤੇ ਕਲਾਕਾਰਾਂ ਲਈ ਆਪਣੀਆਂ ਵਸਤਾਂ ਅਤੇ ਕਲਾਵਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਢੁੱਕਵਾਂ ਪਲੇਟਫਾਰਮ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮੇਲੇ ਵਿੱਚ 300 ਤੋਂ ਵੱਧ ਸਟਾਲ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜੋ ਕਿ ਦੇਸ਼ ਦੇ ਸੱਭਿਆਚਾਰ ਅਤੇ ਦਸਤਕਾਰੀ ਕਲਾ ਨੂੰ ਪ੍ਰਦਰਸ਼ਿਤ ਕਰਨਗੀਆਂ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਮੇਲਾ ਗਰਾਊਂਡ ਸੈਕਟਰ 88 ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਯਾਦਗਾਰੀ ਅਤੇ ਸ਼ਾਨਦਾਰ ਬਣਾਉਣ ਲਈ ਸਮੂਹ ਨੋਡਲ ਅਫ਼ਸਰ ਜੋ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਮੁਖੀ ਹਨ, ਨੂੰ ਸੌਂਪੀਆਂ ਗਈਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦੀ ਕਲਾਤਮਕ ਪ੍ਰਤਿਭਾ ਅਤੇ ਕਲਾਤਮਕ ਗੁਣਾਂ ਦੇ ਪ੍ਰਦਰਸ਼ਨ ਤੋਂ ਇਲਾਵਾ, ਗਾਇਕ ਅਤੇ ਹਾਸਰਸ ਕਲਾਕਾਰ ਵੀ ਰੋਜ਼ਾਨਾ ਦਰਸ਼ਕਾਂ ਨੂੰ ਮੰਤਰਮੁਗਧ ਕਰਨਗੇ। ਸਰਸ ਮੇਲਾ ਉਭਰਦੇ ਕਲਾਕਾਰਾਂ ਨੂੰ ਉੱਥੇ ਮੌਜੂਦ ਦਰਸ਼ਕਾਂ ਸਾਹਮਣੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਵੀ ਪ੍ਰਦਾਨ ਕਰੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਮਾਗਮ ਲਈ ਬਣਾਈਆਂ ਗਈਆਂ ਕਮੇਟੀਆਂ ਵਿੱਚ ਕਾਰਜਕਾਰਨੀ ਕਮੇਟੀ ਦੀ ਅਗਵਾਈ ਏ ਡੀ ਸੀ (ਜ), ਸੀ ਐਮ ਐਫ ਓ ਦੀ ਅਗਵਾਈ ਵਿੱਚ ਸੱਦਾ ਪੱਤਰ ਅਤੇ ਫਲੈਕਸ ਕਮੇਟੀ, ਐਸ ਡੀ ਐਮ ਮੁਹਾਲੀ ਦੀ ਅਗਵਾਈ ਵਿੱਚ ਲਾਅ ਐਂਡ ਆਰਡਰ, ਮੈਡੀਕਲ ਸਹਾਇਤਾ, ਆਈਟੀਸੈੱਲ/ਹੈਲਪ ਡੈਸਕ ਕਾਰਜਕਾਰੀ ਕਮੇਟੀ ਸ਼ਾਮਲ ਹੈ। ਜੁਆਇੰਟ ਕਮਿਸ਼ਨਰ ਐਮ ਸੀ ਮੁਹਾਲੀ ਦੀ ਅਗਵਾਈ ਵਿੱਚ ਪੀਣ ਵਾਲੇ ਪਾਣੀ, ਫਾਇਰ ਬ੍ਰਿਗੇਡ ਅਤੇ ਸੈਨੇਟਰੀ ਸੇਵਾਵਾਂ, ਐਸ ਡੀ ਐਮ ਮੁਹਾਲੀ ਦੀ ਅਗਵਾਈ ਵਿੱਚ ਰਿਹਾਇਸ਼ ਦੇ ਪ੍ਰਬੰਧ, ਐਸ ਡੀ ਐਮ ਖਰੜ ਦੀ ਅਗਵਾਈ ਵਿੱਚ ਖੁਰਾਕ ਕਮੇਟੀ, ਜੀ ਐਮ ਡੀ ਆਈ ਸੀ ਦੀ ਅਗਵਾਈ ਵਿੱਚ ਸਪਾਂਸਰਸ਼ਿਪ ਕਮੇਟੀ, ਮੁੱਖ ਇੰਜਨੀਅਰ ਐਮ ਸੀ ਮੁਹਾਲੀ ਦੀ ਅਗਵਾਈ ਵਿੱਚ ਖਰੀਦ ਕਮੇਟੀ, ਐਸ ਡੀ ਐਮ ਡੇਰਾਬੱਸੀ ਦੀ ਅਗਵਾਈ ਵਿੱਚ ਮਨੋਰੰਜਨ ਕਮੇਟੀ, ਝੂਲੇ, ਸਟਾਲਾਂ ਦੀ ਸੁਰੱਖਿਆ ਅਤੇ ਨਿਰੀਖਣ ਕਮੇਟੀ, ਐਸ ਡੀ ਐਮ ਖਰੜ ਦੀ ਅਗਵਾਈ ਵਿੱਚ ਟਰਾਂਸਪੋਰਟ ਕਮੇਟੀ, ਐਸ ਡੀ ਐਮ ਮੁਹਾਲੀ ਦੀ ਅਗਵਾਈ ਵਿੱਚ ਸਾਈਟ ਦੀ ਚੋਣ, ਯੋਜਨਾ ਅਤੇ ਵਿਕਾਸ ਕਮੇਟੀ, ਡਿਪਟੀ ਸੀ ਈ ਓ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਵਿੱਚ ਸਵਾਗਤੀ ਕਮੇਟੀ, ਐਸ ਡੀ ਐਮ ਡੇਰਾਬੱਸੀ ਦੀ ਅਗਵਾਈ ਵਿੱਚ ਸਜਾਵਟ ਕਮੇਟੀ, ਡੀ ਡੀ ਪੀ ਓ ਦੀ ਅਗਵਾਈ ਵਿੱਚ ਲੇਖਾ ਅਤੇ ਰਿਕਾਰਡ ਕਮੇਟੀ, ਐਸ ਡੀ ਐਮ ਡੇਰਾਬੱਸੀ ਦੀ ਅਗਵਾਈ ਵਿੱਚ ਪ੍ਰਚਾਰ ਕਮੇਟੀ ਅਤੇ ਟਿਕਟ ਕਮੇਟੀ ਦੀ ਅਗਵਾਈ ਐਸ ਡੀ ਐਮ ਡੇਰਾਬੱਸੀ ਨੂੰ ਸੌਂਪੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਮੇਟੀਆਂ ਏ ਡੀ ਸੀਜ਼ ਅਤੇ ਕਮਿਸ਼ਨਰ ਐਮਸੀ ਮੁਹਾਲੀ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਮੀਟਿੰਗ ਵਿੱਚ ਏਡੀਸੀ ਵਿਰਾਜ ਐਸ ਤਿੜਕੇ, ਦਮਨਜੀਤ ਸਿੰਘ ਮਾਨ, ਸੋਨਮ ਚੌਧਰੀ, ਐਸ ਡੀ ਐਮ ਦਮਨਦੀਪ ਕੌਰ, ਸੰਯੁਕਤ ਕਮਿਸ਼ਨਰ ਐਮ ਸੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ: ਅੰਕਿਤਾ ਕਾਂਸਲ, ਮੁੱਖ ਇੰਜਨੀਅਰ ਐਮ ਸੀ ਮੁਹਾਲੀ ਨਰੇਸ਼ ਬੱਤਾ, ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਤੇ ਐਕਸੀਅਨ ਪੰਚਾਇਤੀ ਰਾਜ ਮਹੇਸ਼ਵਰ ਅਤੇ ਹੋਰ ਨੋਡਲ ਅਫਸਰ ਹਾਜ਼ਰ ਸਨ।