ਬੀਬੀ ਮਾਣੂੰਕੇ ਵੱਲੋਂ ਪੰਚਾਇਤ ਚੋਣਾਂ ਦੌਰਾਨ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ
- ਕਿਹਾ : ਵੱਧ ਤੋਂ ਵੱਧ ਸਰਬਸੰਮਤੀਆਂ ਕਰੋ ਤੇ ਪੰਜਾਬ ਸਰਕਾਰ ਤੋਂ 5 ਲੱਖ ਰੁਪਏ ਦਾ ਇਨਾਮ ਪਾਓ
ਜਗਰਾਉਂ, 1 ਅਕਤੂਬਰ 2024 - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਦੌਰਾਨ ਲੋਕਾਂ ਨੂੰ ਸਮਾਜਿੱਕ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਆਖਿਆ ਕਿ ਚੋਣਾਂ ਤਾਂ ਭਾਵੇਂ ਥੋੜੇ ਸਮੇਂ ਬਾਅਦ ਆਉਂਦੀਆਂ ਰਹਿੰਦੀਆਂ ਹਨ, ਪਰੰਤੂ ਪੰਚਾਇਤ ਚੋਣਾਂ ਪਿੰਡ ਪੱਧਰ 'ਤੇ ਅਤੇ ਗਲੀ-ਮੁਹੱਲਿਆਂ ਤੱਕ ਹੋਣ ਕਾਰਨ ਕਈ ਵਾਰ ਲੋਕ ਆਪਸ ਵਿੱਚ ਕੁੜੱਤਣ ਪੈਦਾ ਕਰ ਲੈਂਦੇ ਹਨ ਅਤੇ ਨਿੱਕੀ ਜਿਹੀ ਗੱਲ ਉਪਰ ਆਪਣੀਆਂ ਦੁਸ਼ਮਣੀਆਂ ਪਾਲ ਲੈਂਦੇ ਹਨ। ਜਿਸ ਕਾਰਨ ਇਹ ਦੁਸ਼ਮਣੀਆਂ ਅੱਗੇ ਬੱਚਿਆਂ ਤੱਕ ਚਲੀਆਂ ਜਾਂਦੀਆਂ ਹਨ।
ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭਾਈਚਾਰਕ ਮਹੌਲ ਕਾਇਮ ਰੱਖਦੇ ਹੋਏ ਕੋਸ਼ਿਸ਼ ਕਰਨ ਕਿ ਪਿੰਡ ਪੱਧਰ 'ਤੇ ਸਰਬਸੰਮਤੀਆਂ ਕਰਕੇ ਗਰਾਮ ਪੰਚਾਇਤਾਂ ਬਨਾਉਣ ਅਤੇ ਪੰਜਾਬ ਸਰਕਾਰ ਪਾਸੋਂ ਇਨਾਮ ਵਜੋਂ ਪੰਜ ਲੱਖ ਰੁਪਏ ਦੀ ਗਰਾਂਟ ਪ੍ਰਾਪਤ ਕਰਨ। ਜੇਕਰ ਕਿਸੇ ਕਾਰਨ ਸਰਬਸੰਮਤੀ ਨਹੀਂ ਹੁੰਦੀ, ਤਾਂ ਪਿੰਡਾਂ ਵਿੱਚੋਂ ਸਿਆਣੇ ਤੇ ਸੂਝਵਾਨ ਨੌਜੁਆਨਾਂ ਨੂੰ ਉਮੀਦਵਾਰਾਂ ਵਜੋਂ ਚੁਣਕੇ ਜਿਤਾਉਣ, ਤਾਂ ਜੋ ਆਪਾਂ ਸਾਰੇ ਮਿਲਕੇ ਪਿੰਡਾਂ ਦਾ ਵਾਤਾਵਰਣ ਸੁਚੱਜਾ ਤੇ ਸਾਫ਼ ਸੁਥਰਾ ਸਿਰਜ ਸਕੀਏ ਅਤੇ ਰਾਜਨੀਤੀ ਤੇ ਧੜੇਬੰਦੀਆਂ ਤੋਂ ਉਪਰ ਉਠਕੇ ਪਿੰਡਾਂ ਦੇ ਰਹਿੰਦੇ ਵਿਕਾਸ ਕਰ ਸਕੀਏ।
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਹੋਰ ਆਖਿਆ ਕਿ ਇਹਨਾਂ ਚੋਣਾਂ ਦੌਰਾਨ ਨਫ਼ਰਤ ਭਰੀ ਭਾਸ਼ਾ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਨਸ਼ਿਆਂ ਦੇ ਦਰਿਆ ਵਿੱਚ ਵਹਿਕੇ ਵੋਟਾਂ ਪਾਉਣ ਦੀ ਬਜਾਇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਤਿਹਾਸ਼ਕ ਤੇ ਲੋਕਪੱਖੀ ਕੰਮਾਂ ਨੂੰ ਵੇਖਦੇ ਹੋਏ ਉਹਨਾਂ ਉਮੀਦਵਾਰਾਂ ਨੂੰ ਜੇਤੂ ਬਨਾਉਣ ਜੋ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਕੇ ਤੁਹਾਡੇ ਮਸਲੇ ਹੱਲ ਕਰਵਾ ਸਕਣ ਅਤੇ ਉਹਨਾਂ ਵਿੱਚ ਪਿੰਡ ਦੇ ਵਿਕਾਸ ਲਈ ਪ੍ਰਪੋਜ਼ਲਾਂ ਤਿਆਰ ਕਰਕੇ ਗਰਾਂਟਾਂ ਲਿਆਉਣ ਲਈ ਯੋਗਤਾ ਹੋਵੇ।
ਵਿਧਾਇਕਾ ਮਾਣੂੰਕੇ ਨੇ ਹੋਰ ਆਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪੰਜਾਬ ਵਿੱਚ ਰੰਗਲਾ ਪੰਜਾਬ ਬਨਾਉਣ ਲਈ ਯਤਨਸ਼ੀਲ ਹੈ ਅਤੇ ਪਿੰਡਾਂ ਵਿਚਲਾ ਪੁਰਾਤਨ ਸੱਭਿਆਚਾਰ ਮੁੜ ਸੁਰਜੀਤ ਕਰਕੇ ਪਰਿਵਾਰਕ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਿਧਾਇਕਾ ਮਾਣੂੰਕੇ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵੀ ਸਾਫ਼-ਸੁਥਰੇ ਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੋਕਾਂ ਦੇ ਸਹਿਯੋਗ ਨਾਲ ਵੋਟਾਂ ਦੇ ਕੰਮ ਨੂੰ ਸ਼ਾਂਤੀਪੂਰਵਕ ਤੇ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾਵੇ।