ਸੀ.ਬੀ.ਏ ਇਨਫੋਟੈਕ ਵਲੋਂ ਮਨਾਏ ਗਏ ਅੰਤਰਰਾਸ਼ਟਰੀ ਬਜੁਰਗ ਦਿਵਸ ਤੇ ਸਕੂਲੀ ਵਿਦਿਆਰਥੀਆਂ ਨੇ ਕੀਤਾ ਬਜੁਰਗਾਂ ਦਾ ਮਨੋਰੰਜਨ
ਸਾਨੂੰ ਆਪਣੇ ਬਜੁਰਗਾਂ ਦਾ ਪੁਰਾ ਮਾਣ ਸਨਮਾਨ ਕਰਨਾ ਚਾਹੀਦਾ ਹੈ : ਇੰਜੀ.ਸੰਦੀਪ ਕੁਮਾਰ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2024 - ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ.ਕੰਪਨੀ ਸੀ.ਬੀ.ਏ ਇਨਫੋਟੈਕ ਵਲੋਂ ਵਿਸ਼ਵ ਬਜੁਰਗ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਸਾਹਿਤ ਮਨਾਇਆ ਗਿਆ। ਇਸ ਮੌਕੇ ਮੈਡਮ ਅਰਪਨਾ ਸ਼ਰਮਾ ਹੈਲਪ ਏਜ ਇੰਡੀਆ ਫਾਊਂਡੇਸ਼ਨ ਦੀ ਦੇਖ ਰੇਖ ਵਿਚ ਚੱਲ ਰਹੇ ਬਿਰਧ ਆਸ਼ਰਮ ਦੀ ਇੰਚਾਰਜ ਨੇ ਬਜੁਰਗਾਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਸੀ.ਬੀ.ਏ ਇਨਫੋਟੈਕ ਵਲੋਂ ਬਜੁਰਗਾਂ ਦੇ ਮਨੋਰੰਜਨ ਲਈ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਮੌਕੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਹੋਰ ਪ੍ਰੋਗਰਾਮ ਪੇਸ਼ ਕਰਕੇ ਬਜੁਰਗਾਂ ਨਾਲ ਅਨੋਖੀ ਸਾਂਝ ਪਾਈ। ਇਸ ਮੌਕੇ ਗੱਲਬਾਤ ਕਰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਸਾਨੂੰ ਬਜੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਤਾਂ ਜੋ ਉਹਨਾਂ ਦਾ ਮਨੋਬਲ ਵੱਧ ਸਕੇ। ਉਹਨਾਂ ਕਿਹਾ ਕਿ ਅੱਜ ਦਾ ਇਹ ਉਪਰਾਲਾ ਮੈਡਮ ਅਰਪਨਾ ਸ਼ਰਮਾ ਦੇ ਸਹਿਯੋਗ ਨਾਲ ਮੁਕੰਮਲ ਹੋ ਸਕਿਆ ਹੈ। ਉਹਨਾਂ ਕਿਹਾ ਕਿ ਬਜੁਰਗਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਇਸ ਲਈ ਸਾਨੂੰ ਆਪਣੇ ਪਰਿਵਾਰ ਵਿਚ ਰਹਿੰਦੇ ਬਜੁਰਗਾਂ ਨਾਲ ਹਮੇਸ਼ਾ ਵਧੀਆ ਵਤੀਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਜੁਰਗ ਸਿਰਫ ਪਿਆਰ ਅਤੇ ਸਤਿਕਾਰ ਦੇ ਭੁੱਖੇ ਹੁੰਦੇ ਹਨ।
ਇਸ ਮੌਕੇ ਮੈਡਮ ਅਰਪਨਾ ਸ਼ਰਮਾ ਨੇ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਇਆ ਹੈ ਅਤੇ ਮੈਨੂੰ ਇੱਥੇ ਪਹੁੰਚ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਵਲੋਂ ਕੀਤੇ ਜਾਂਦੇ ਉਪਰਾਲੇ ਕਾਬਲੇ ਤਾਰੀਫ ਹਨ। ਇਸ ਮੌਕੇ ਸੀ.ਬੀ.ਏ ਇਨਫੋਟੈਕ ਦੀ ਚੇਅਰਮੈਨ ਮੈਡਮ ਸਿਮਰਨ ਨੇ ਪਹੁੰਚੇ ਹੋਏ ਸਾਰੇ ਹੀ ਬਜੁਰਗਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।