ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਖ਼ਿਲਾਫ਼ ਡੀ ਸੀ ਦਫ਼ਤਰ ਪਟਿਆਲਾ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ
ਜੀ ਐਸ ਪੰਨੂ
ਪਟਿਆਲਾ 1 ਅਕਤੂਬਰ ,2024: ਕਲਕੱਤਾ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਅਤੇ ਦੇਸ਼ ਭਰ ਵਿੱਚ ਔਰਤਾਂ ਖ਼ਿਲਾਫ਼ ਵੱਧ ਰਹੀਆਂ ਜ਼ਬਰ ਜ਼ਿਨਾਹ ਖ਼ਿਲਾਫ਼ ਵੱਧ ਰਹੀਆਂ ਘਟਨਾਵਾਂ ਦੇ ਖ਼ਿਲਾਫ਼ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ ਔਰਤਾਂ ਨੇ ਪੁੱਡਾ ਗਰਾਊਂਡ ਇਕੱਠੇ ਹੋਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਏ ਡੀ ਸੀ ਪਟਿਆਲਾ ਨੂੰ ਮੰਗ ਪੱਤਰ ਦੇ ਕੇ ਪੀੜਤ ਔਰਤਾਂ ਲਈ ਇਨਸਾਫ ਦੀ ਮੰਗ ਕੀਤੀ।
ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੀ ਸਕੱਤਰ ਅਮਨਦੀਪ ਕੌਰ ਅਤੇ ਜ਼ਿਲ੍ਹਾ ਆਗੂ ਸਪਨਾ ਨੇ ਕਿਹਾ ਦੇਸ਼ ਦੇ ਅੰਦਰ ਔਰਤਾਂ ਖ਼ਿਲਾਫ਼ ਜ਼ਬਰ ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਕਲਕੱਤਾ ਵਿੱਚ ਮਹਿਲਾ ਡਾਕਟਰ ਦੇ ਜ਼ਬਰ ਜ਼ਨਾਹ ਤੋਂ ਹੱਤਿਆ ਮਾਮਲੇ ਵਿਚ ਡੇਢ ਮਹੀਨੇ ਤੋਂ ਵਧ ਹੋ ਗਿਐ ਪਰ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਾਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰਾਂ ਵੱਲੋਂ ਇੱਕ ਦੂਜੇ ਖਿਲਾਫ਼ ਚਿੱਕੜ ਉਛਾਲੀ ਤੋਂ ਬਿਨਾਅ ਕੁੱਝ ਨਹੀਂ ਕੀਤਾ ਜਾ ਰਿਹਾ ।
ਕਲਕੱਤੇ ਦੀ ਘਟਨਾਕ੍ਰਮ ਤੋਂ ਬਾਅਦ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਦਲਾਪੁਰ, ਉਤਰਾਖੰਡ, ਉਡੀਸਾ ,ਉਜੈਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਥਾਵਾਂ ਤੇ ਔਰਤਾਂ ਵਿਰੁੱਧ ਘਟਨਾਵਾਂ ਵਾਪਰੀਆਂ ਹਨ। ਦੇਸ਼ ਦੇ ਸਿਆਸਤਦਾਨ ਲਗਾਤਾਰ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਨਿੱਤ ਦਿਨ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਔਰਤਾਂ ਨੇ ਇੰਨਸਾਫ ਨਾ ਦੇਣ ਵਾਲੀਆਂ ਸਰਕਾਰਾਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਔਰਤ ਆਗੂ ਅਮਨਦੀਪ ਕੌਰ , ਕੁਲਜੀਤ ਕੌਰ ਨੇ ਇਹ ਵੀ ਮੰਗ ਕੀਤੀ ਕਿ ਕਲਕੱਤੇ ਦੇ ਮਹਿਲਾ ਟਰੇਨੀ ਡਾਕਟਰ ਦੇ ਕੇਸ ਦੀ ਸਮਾਂਬੱਧ ਜਾਂਚ ਕਰਕੇ ਤੱਥ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ, ਕੰਮ ਕਾਜੀ ਥਾਵਾਂ ਉੱਤੇ 'ਐਂਟੀ ਸੈਕਸ਼ੂਅਲ ਹਰਾਸਮੈਂਟ ਸੈਲ' ਸੱਤਾ ਦੇ ਹੱਥ ਠੋਕੇ ਨਾ ਬਣ ਕੇ ਔਰਤਾਂ ਦੇ ਹਿੱਤਾਂ ਲਈ ਕੰਮ ਕਰਨ, ਪੁਲਿਸ ਨੂੰ ਪਿੱਤਰਸਤਾਤਮਕ ਰਵੱਈਏ ਦੀ ਬਜਾਇ ਪ੍ਰੋਫੈਸ਼ਨਲ ਵਿਵਹਾਰ ਨੂੰ ਯਕੀਨੀ ਬਣਾਇਆ ਜਾਵੇ, ਜਿਣਸੀ ਸ਼ੋਸ਼ਣ ਦੀਆਂ ਸਰਕਾਰ ਨੂੰ ਇਨਸਾਫ ਦੇਣ ਲਈ ਫਾਸਟ ਟਰੈਕ ਅਦਾਲਤਾਂ ਰਾਹੀਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ। ਇਸ ਸਮੇਂ ਕੁਲਵਿੰਦਰ ਕੌਰ ਚਰਨਜੀਤ ਕੌਰ ਪਰਮਜੀਤ ਕੌਰ ਆਦਿ ਨੇ ਸੰਬੋਧਨ ਕੀਤਾ।