ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਸਟੋਰ ਕੀਤੇ ਪਟਾਕਾ ਵਪਾਰੀਆਂ 'ਤੇ ਪੁਲਿਸ ਦੀ ਵੱਡੀ ਕਾਰਵਾਈ
- ਕਈ ਜਗ੍ਹਾ ਕੀਤੀ ਛਾਪੇਮਾਰੀ ਵੱਡੀ ਮਾਤਰਾ ਵਿੱਚ ਪਟਾਕਾ ਬਰਾਮਦ
- ਸ਼ਹਿਰ ਵਿੱਚ ਚਹੇਤੇ ਪੱਤਰਕਾਰ ਦੁਆਰਾ ਪੁਲਿਸ ਨਾਲ ਸੈਟਿੰਗ ਕਰਵਾਉਣ ਦੀ ਚਰਚਾ
ਦੀਪਕ ਜੈਨ
ਜਗਰਾਉਂ, 12 ਅਕਤੂਬਰ 2024 - ਦੁਸਹਿਰੇ ਅਤੇ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਜਗਰਾਉਂ ਸ਼ਹਿਰ ਦੀ ਘਨੀ ਆਬਾਦੀ ਵਿੱਚ ਪਟਾਕਾ ਵਪਾਰੀਆਂ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਈ ਥਾਵਾਂ ਤੇ ਛਾਪੇਮਾਰੀ ਕਰ ਵੱਡੀ ਮਾਤਰਾ ਵਿੱਚ ਪਟਾਕੇ ਕੀਤੇ ਜਬਤ। ਇਕੱਤਰਿਤ ਜਾਣਕਾਰੀ ਮੁਤਾਬਕ ਛੋਟੇ ਵਪਾਰੀਆਂ ਸਣੇ ਡੀਏਵੀ ਕਾਲਜ ਰੋਡ ਤੇ ਦੋ ਵੱਡੇ ਪਟਾਕਾ ਵਪਾਰੀਆਂ ਦੀ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਆਰ ਕੇ ਸਕੂਲ ਵਾਲੀ ਗਲੀ ਵਿੱਚ ਇੱਕ ਘਰ ਜਿਸ ਵਿੱਚ ਪਟਾਕਾ ਸਟੋਰ ਕੀਤਾ ਹੋਇਆ ਸੀ ਦਾ ਕੌਂਸਲਰ ਦੀ ਮੌਜੂਦਗੀ ਵਿੱਚ ਘਰ ਦਾ ਜੰਦਰਾ ਤੋੜ ਚੈਕਿੰਗ ਕਰਨ ਤੋਂ ਬਾਅਦ ਸਟੋਰ ਨੁਮਾ ਘਰ ਨੂੰ ਸੀਲ ਕਰ ਦਿੱਤਾ ਗਿਆ। ਨਹਿਰੂ ਮਾਰਕੀਟ ਵਿੱਚ ਵੀ ਇੱਕ ਪਟਾਕਾ ਵਪਾਰੀ ਦੀ ਦੁਕਾਨ ਤੇ ਛਾਪੇਮਾਰੀ ਕਰ ਵੱਡੀ ਮਾਤਰਾ ਵਿੱਚ ਪਟਾਕਾ ਜਬਤ ਕਰ ਲਿੱਤਾ ਗਿਆ।
ਇਸ ਨਹਿਰੂ ਮਾਰਕੀਟ ਵਾਲੇ ਪਟਾਕਾ ਵਪਾਰੀ ਦੀ ਦੁਕਾਨ ਤੇ ਛਾਪੇ ਦੌਰਾਨ ਡੀਐਸਪੀ ਸਿਟੀ ਜਸਜੋਤ ਨੇ ਇੱਕ ਚਹੇਤੇ ਪੱਤਰਕਾਰ ਨੂੰ ਦੁਕਾਨ ਦੇ ਅੰਦਰ ਬੁਲਾ ਲਿਆ ਗਿਆ ਡੀਐਸਪੀ ਜੱਸਜੋਤ ਨੇ ਛਾਪੇ ਦੌਰਾਨ ਪਟਾਕਾ ਵਪਾਰੀ ਦੀ ਦੁਕਾਨ ਤੋਂ ਬਾਹਰ ਆਉਂਦੇ ਹੋਏ ਵਪਾਰੀਆਂ ਦੇ ਰੋਸ ਤੋਂ ਬਚਣ ਲਈ ਆਪਣੀ ਝੋਲੀ ਪਈ ਗੇਂਦ ਨੂੰ ਪੱਤਰਕਾਰਾਂ ਦੀ ਝੋਲੀ ਸਿੱਟਦੇ ਹੋਏ ਕਿਹਾ ਕਿ ਇਹ ਛਾਪਾ ਪੱਤਰਕਾਰਾਂ ਨੇ ਹੀ ਮਰਵਾਇਆ ਹੈ। ਪੱਤਰਕਾਰਾਂ ਵੱਲੋਂ ਇਸ ਗੱਲ ਦਾ ਵਿਰੋਧ ਕਰਨ ਤੇ ਡੀਐਸਪੀ ਜਸਜੋਤ ਉਥੋਂ ਚਲਦੇ ਬਣੇ। ਹਰ ਸਾਲ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਇੱਕ ਵਪਾਰੀ ਨੂੰ ਪਟਾਕਾ ਵੇਚਣ ਦਾ ਲਾਈਸੰਸ ਜਾਰੀ ਕੀਤਾ ਜਾਂਦਾ ਹੈ ਜੋ ਕਿ ਹਾਲੇ ਤੱਕ ਜਾਰੀ ਨਹੀਂ ਹੋਇਆ ਪਰ ਇਸਦੇ ਬਾਵਜੂਦ ਡੀਐਸਪੀ ਜਸਜੋਤ ਨੇ ਬੀਤੀ ਕੱਲ ਪਟਾਕਾ ਵਪਾਰੀਆ ਨਾਲ ਆਪਣੇ ਦਫਤਰ ਇੱਕ ਮੀਟਿੰਗ ਵੀ ਕੀਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਹਜੇ ਪ੍ਰਸ਼ਾਸਨ ਵੱਲੋਂ ਕਿਸੇ ਪਟਾਕਾ ਵਪਾਰੀ ਨੂੰ ਲਾਈਸੈਂਸ ਜਾਰੀ ਹੀ ਨਹੀਂ ਕੀਤਾ ਗਿਆ ਤਾਂ ਫਿਰ ਡੀਐਸਪੀ ਨੇ ਆਪਣੇ ਦਫਤਰ ਵਿੱਚ ਬੁਲਾ ਕੇ ਮੀਟਿੰਗ ਕਿਹੜੇ ਪਟਾਕਾ ਵਪਾਰੀਆਂ ਨਾਲ ਕੀਤੀ ਹੈ।
ਡੀਐਸਪੀ ਜਸਜੋਤ ਵੱਲੋਂ ਚਹੇਤੇ ਪੱਤਰਕਾਰ ਨੂੰ ਕਾਰਵਾਈ ਦੌਰਾਨ ਆਪਣੇ ਨਾਲ ਰੱਖਣ ਤੇ ਬਾਕੀ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਗਿਆ ਕਿ ਜਾਂ ਤਾਂ ਡੀਐਸਪੀ ਸਾਰੇ ਪੱਤਰਕਾਰਾਂ ਨੂੰ ਅੰਦਰ ਆਉਣ ਦੀ ਇਜਾਜਤ ਦਿੰਦੇ ਜਾਂ ਫਿਰ ਕਿਸੇ ਨੂੰ ਵੀ ਅੰਦਰ ਨਾ ਆਉਣ ਦਿੱਤਾ ਜਾਂਦਾ। ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਚਹੇਤੇ ਪੱਤਰਕਾਰ ਵੱਲੋਂ ਵਪਾਰੀਆਂ ਅਤੇ ਪੁਲਿਸ ਵਿੱਚ ਸੈਟਿੰਗ ਕਰਵਾਉਣ ਦਾ ਰੋਲ ਅਦਾ ਕੀਤਾ ਗਿਆ ਹੈ ਅਤੇ ਕਈ ਪੱਤਰਕਾਰਾਂ ਵੱਲੋਂ ਡੀਐਸਪੀ ਨੂੰ ਪਟਾਕਾ ਵਪਾਰੀ ਨੂੰ ਬਚਾਉਣ ਲਈ ਲਗਾਤਾਰ ਫੋਨ ਵੀ ਕੀਤੇ ਗਏ ਜਿਸ ਦੀ ਚਰਚਾ ਵੀ ਜਗਰਾਉਂ ਵਿੱਚ ਜਾਰੀ ਹੈ।
ਪਟਾਕਾ ਵਪਾਰੀਆਂ ਤੇ ਛਾਪੇਮਾਰੀ ਦੇ ਸਬੰਧ ਵਿੱਚ ਜਦੋਂ ਸਿਟੀ ਇੰਚਾਰਜ ਅੰਮ੍ਰਿਤ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕੀ ਜਿਹੜੇ ਵਪਾਰੀਆਂ ਨੇ ਬਿਨਾਂ ਮਨਜ਼ੂਰੀ ਤੋਂ ਪਟਾਕਾ ਸਟੋਰ ਕੀਤਾ ਹੈ ਉਨਾਂ ਦੇ ਸਟੋਰਾਂ ਅਤੇ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ। ਉਹਨਾਂ ਕਿਹਾ ਜਿਨਾਂ ਵਪਾਰੀਆਂ ਕੋਲੋਂ ਨਜਾਇਜ਼ ਸਟੋਰ ਕੀਤਾ ਪਟਾਕਾ ਬਰਾਮਦ ਹੋਇਆ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਵੱਲੋਂ ਚਹੇਤੇ ਪੱਤਰਕਾਰ ਨੂੰ ਕਾਰਵਾਈ ਦੌਰਾਨ ਨਾਲ ਰੱਖਣ ਦੇ ਸਬੰਧ ਵਿੱਚ ਜਦੋਂ ਉਹਨਾਂ ਦਾ ਪੱਖ ਜਾਨਣ ਲਈ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਚੱਕਣਾ ਮੁਨਾਸਬ ਹੀ ਨਹੀਂ ਸਮਝਿਆ। ਪਟਾਕਾ ਵਪਾਰੀਆਂ ਅਤੇ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਡੀਐਸਪੀ ਵੱਲੋਂ ਪੱਤਰਕਾਰਾਂ ਵੱਲੋਂ ਛਾਪਾ ਮਰਵਾਏ ਜਾਣ ਦੀ ਗੱਲ ਆਖਣ ਤੇ ਪ੍ਰੈਸ ਕਲੱਬ ਰਜਿ.ਦੇ ਪ੍ਰਧਾਨ ਦੀਪਕ ਜੈਨ ਨੇ ਸਖਤ ਲਫਜ਼ਾਂ ਵਿੱਚ ਨਿੰਦਿਆ ਕਰਦੇ ਕਿਹਾ ਕੀ ਜੇਕਰ ਅਜਿਹਾ ਹੋਇਆ ਹੈ ਤਾਂ ਡੀਐਸਪੀ ਉਸ ਪੱਤਰਕਾਰ ਦਾ ਨਾਮ ਉਜਾਗਰ ਕਰੇ ਅਤੇ ਨਾਲ ਹੀ ਉਹਨਾਂ ਪੱਤਰਕਾਰਾਂ ਦਾ ਨਾਮ ਵੀ ਉਜਾਗਰ ਕਰੇ ਜੋ ਵਪਾਰੀਆਂ ਦੇ ਹੱਕ ਵਿੱਚ ਲਗਾਤਾਰ ਡੀਐਸਪੀ ਨੂੰ ਫੋਨ ਕਰ ਰਹੇ ਸਨ। ਪ੍ਰਧਾਨ ਦੀਪਕ ਜੈਨ ਨੇ ਕਿਹਾ ਕਿ ਬੇਵਜ਼ਾ ਪੱਤਰਕਾਰਾਂ ਨੂੰ ਬਦਨਾਮ ਕਰਨਾ ਬਹੁਤ ਮਾੜੀ ਗੱਲ ਹੈ ਇਸ ਗੱਲ ਦੀ ਪ੍ਰੈਸ ਕਲੱਬ ਰਜਿ. ਜਗਰਾਓ ਨਿੰਦਿਆ ਕਰਦਾ ਹੈ।