CM ਦੇ ਦਾਅਵੇ ਦੇ ਬਾਵਜ਼ੂਦ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਹੀਂ ਹੋ ਰਹੀ, ਕਿਸਾਨਾਂ ਨੇ ਹਾਈਵੇਅ ਕੀਤਾ ਜਾਮ, ਗਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 13 ਅਕਤੂਬਰ 2024 - ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਪੰਜਾਬ ਦੇ ਕਿਸਾਨਾਂ ਨੇ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਦਾ ਦੋਸ਼ ਲਾਉਂਦਿਆਂ ਜੰਮੂ-ਅੰਮ੍ਰਿਤਸਰ ਕੌਮੀ ਮਾਰਗ ’ਤੇ ਪੈਂਦੇ ਬੱਬਰੀ ਬਾਈਪਾਸ ਵਿਖੇ 3 ਘੰਟੇ ਦਾ ਸੰਕੇਤਕ ਜਾਮ ਲਗਾਇਆ , ਜਿਸ ਕਾਰਨ ਹਾਈਵੇ ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨ ਦਰੀਆਂ ਵਿਛਾ ਕੇ ਹਾਈਵੇ ਤੇ ਬੈਠ ਗਏ ਹਨ ਅਤੇ ਸੂਬਾ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਖ਼ਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਦਾਣਾ ਮੰਡੀਆਂ 'ਚ ਖ਼ਰੀਦ ਨਹੀਂ ਹੋ ਰਹੀ, ਜਿਸ ਕਾਰਨ ਕੁਝ ਕਿਸਾਨਾਂ ਦੀ ਫ਼ਸਲ ਮੰਡੀ 'ਚ ਖ਼ਰਾਬ ਹੋ ਰਹੀ ਹੈ ਜਦਕਿ ਬਾਕੀ ਕਿਸਾਨ ਖ਼ਰੀਦ ਨਾ ਹੋਣ ਕਾਰਨ ਆਪਣੀ ਫ਼ਸਲ ਦੀ ਕਟਾਈ ਨਹੀਂ ਕਰ ਰਹੇ | ਕਿਸਾਨਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਇਹ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਫਸਲਾਂ ਬਰਬਾਦ ਹੋ ਰਹੀਆਂ ਹਨ ਜਦਕਿ ਮੁੱਖ ਮੰਤਰੀ ਲਗਾਤਾਰ ਕਿਸਾਨਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਲਕੇ ਤੋਂ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਭਲਕੇ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਵੱਡੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ ਅਤੇ ਜਦੋਂ ਤੱਕ ਕਿਸਾਨਾਂ ਦੀਆਂ ਫਸਲਾਂ ਦੀ ਵਾਜਬ ਕੀਮਤ 'ਤੇ ਖਰੀਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਕਿਸਾਨ ਜਾਰੀ ਰਖਣਗੇ।