ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ ਵਾਤਾਵਰਨ ਦਾ ਰਖਵਾਲਾ ਕਿਸਾਨ ਸੁਖਦੀਪ ਸਿੰਘ
- ਅਗਾਂਹ ਵਧੂ ਕਿਸਾਨ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ
ਫਾਜ਼ਿਲਕਾ 13 ਅਕਤੂਬਰ 2024 - ਫਾਜ਼ਿਲਕਾ ਦੇ ਪਿੰਡ ਮਿਆਣੀ ਬਸਤੀ ਦੇ ਅਗਾਂਹ ਵਧੂ ਅਤੇ ਵਾਤਾਵਰਨ ਦੇ ਰਖਵਾਲੇ ਕਿਸਾਨ ਸੁਖਦੀਪ ਸਿੰਘ ਪੁੱਤਰ ਸ਼ਾਮ ਸਿੰਘ ਨੇ ਫਾਜਿਲਕਾ ਹੀ ਨਹੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਲਈ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ ਹੋਈ ਹੈ ਅਤੇ ਇਸੇ ਕਰਕੇ ਵਾਤਾਵਰਣ ਦਾ ਰਖਵਾਲਾ ਵੀ ਬਣਿਆ ਹੋਇਆ ਹੈ। ਵਾਤਾਵਰਨ ਦਾ ਰਖਵਾਲਾ ਕਿਸਾਨ ਸੁਖਦੀਪ ਸਿੰਘ 8 ਏਕੜ ਜ਼ਮੀਨ ਵਿੱਚ ਖੇਤੀ ਕਰਦਾ ਹੈ ਅਤੇ ਪਿੱਛਲੇ 10 ਸਾਲਾਂ ਤੋਂ ਆਪਣੀ ਫਸਲ ਦੀ ਰਹਿੰਦ- ਖੂਹਿੰਦ ਨੂੰ ਕਦੇ ਵੀ ਅੱਗ ਨਹੀਂ ਲਗਾਉਂਦਾ।
ਕਿਸਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਝੋਨੇ ਦੀ ਪਰਾਲੀ ਨੂੰ ਹੈਪੀ ਸੀਡਰ ਅਤੇ ਐੱਮ. ਬੀ ਪਲੋਅ ਨਾਲ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਉਹ ਖੇਤੀਬਾੜੀ ਦੇ ਆਧੁਨਿਕ ਸੰਦਾ ਦੀ ਵਰਤੋਂ ਕਰਕੇ ਪਰਾਲੀ ਦੀ ਸਾਂਭ ਸੰਭਾਲ ਕਰਦਾ ਰਿਹਾ ਹੈ। ਕਿਸਾਨ ਨੇ ਕਿਹਾ ਕਿ ਉਸ ਦੀ ਕਣਕ ਦੀ ਫਸਲ ਵਿੱਚ ਕਦੇ ਕੋਈ ਸਮੱਸਿਆ ਨਹੀਂ ਆਈ। ਉਸ ਨੇ ਦੱਸਿਆ ਕਿ ਉਹ ਜਿੱਥੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਉਸ ਦੀ ਕਣਕ ਦਾ ਝਾੜ ਵੀ ਬਹੁਤ ਵਧੀਆ ਨਿਕਲਦਾ ਹੈ।
ਉਸ ਨੇ ਕਿਹਾ ਕਿ ਉਹ ਆਪਣੇ ਬਾਕੀ ਕਿਸਾਨ ਭਰਾਵਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ ਕਿ ਉਹ ਆਪਣੇ ਝੋਨੇ ਦੀ ਫਸਲ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਜ਼ਮੀਨ ਵਿੱਚ ਹੀ ਰਲਾਉਣ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਬਣੀ ਰਹੇ ਅਤੇ ਉਹ ਆਪਣੀ ਧਰਤੀ ਦੇ ਰਖਵਾਲੇ ਸਾਬਤ ਹੋਣ| ਕਿਸਾਨ ਸੁਖਦੀਪ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਨੂੰ ਦੂਸਿਤ ਹੋਣ ਤੋਂ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਣਾ ਜਰੂਰੀ ਹੈ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੌਣ-ਪਾਣੀ ਅਤੇ ਧਰਤੀ ਨੂੰ ਸੁਰਖਿਅਤ ਰੱਖ ਸਕਦੇ|