ਧਰਮਗੜ੍ਹ ਚੈਰੀਟੇਬਲ ਟਰੱਸਟ ਵੱਲੋਂ ਲਾਇਆ ਚੌਥਾ ਖੂਨਦਾਨ ਕੈਂਪ
ਕੈਂਪ ‘ਚ 63 ਯੂਨਿਟ ਖੂਨ ਦਾਨ
ਲਾਲੜੂ 13 ਅਕਤੂਬਰ 2024: ਧਰਮਗੜ੍ਹ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਧਰਮਗੜ੍ਹ ਦੇ ਸਰਕਾਰੀ ਸਕੂਲ ਵਿੱਚ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐਮਸੀਐਚ) ਸੈਕਟਰ 32 ਚੰਡੀਗੜ੍ਹ ਤੋਂ ਡਾ. ਵਿਸ਼ਵਜੀਤ ਸਿੰਘ ਦੀ ਅਗਵਾਈ ਹੇਠ ਆਈ 8 ਮੈਂਬਰੀ ਡਾਕਟਰੀ ਟੀਮ ਨੇ 63 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਦੀ ਸ਼ੁਰੂਆਤ ਟਰੱਸਟ ਦੇ ਅਹੁਦੇਦਾਰਾਂ ਨੇ ਖੁਦ ਖੂਨ ਦਾਨ ਕਰਕੇ ਕੀਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਵਜਿੰਦਰ ਸਿੰਘ ਤੇ ਖ਼ਜ਼ਾਨਚੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਪਿੰਡ ਪੱਧਰ ਉੱਤੇ ਖੂਨ ਦਾਨ ਦਾ ਇਹ ਚੌਥਾ ਕੈਂਪ ਹੈ, ਜਿਸ ਵਿੱਚ ਪਿੰਡ ਦੇ ਨੌਜਵਾਨਾਂ ਸਮੇਤ ਨੇੜਲੇ ਪਿੰਡਾਂ ਦੇ ਵਿਅਕਤੀਆਂ ਤੇ ਔਰਤਾਂ ਨੇ ਵੀ ਖੂਨ ਦਾਨ ਕੀਤਾ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਖੂਨ ਦਾਨ ਤੇ ਇੱਕ ਵਾਰ ਅੱਖਾਂ ਦਾ ਮੁਫਤ ਜਾਂਚ ਕੈਂਪ ਪਿੰਡ ਵਿੱਚ ਲਗਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖੂਨ ਦਾਨ ਇੱਕ ਮਹਾਂ ਦਾਨ ਹੈ, ਇਸ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਸਾਲ ਵਿੱਚ ਇੱਕ ਵਾਰੀ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ।
ਡਾ. ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਇਹ ਖੂਨ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਦੇ ਲਈ ਇਕੱਤਰ ਕੀਤਾ ਗਿਆ ਹੈ ਤਾਂ ਜੋ ਉਹ ਵੀ ਆਪਣੀ ਜਿੰਦਗੀ ਬਸਰ ਕਰ ਸਕਣ। ਉਨ੍ਹਾਂ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨ ਦਾਨ ਕੈਂਪ ਪਹਿਲਾਂ ਸ਼ਹਿਰਾਂ ਵਿੱਚ ਹੀ ਲਗਦੇ ਸਨ ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪਿੰਡਾਂ ਦੇ ਨੌਜਵਾਨਾਂ ਵੱਲੋਂ ਵੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਪਿੰਡ ਪੱਧਰ ਉੱਤੇ ਕੈਂਪ ਲੱਗ ਰਹੇ ਹਨ। ਇਸ ਮੌਕੇ ਟਰੱਸਟ ਦੇ ਮੈਂਬਰ ਮਨੀਸ਼ ਸੈਣੀ, ਹਰਪ੍ਰੀਤ ਸਿੰਘ, ਤਰੁਣ ਕੁਮਾਰ, ਬਲਜੀਤ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ, ਸੱਜਣ ਸਿੰਘ, ਪ੍ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਗੁਰਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਐਸਜੀਆਰ ਆਦਿ ਵੀ ਹਾਜ਼ਰ ਸਨ।