ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ 18 ਅਕਤੂਬਰ ਨੂੰ ਹੋਣ ਵਾਲੀ "ਅਧਿਆਪਕ ਮਾਪੇ ਮਿਲਣੀ" ਦੀ ਤਰੀਕ ਬਦਲੇ :- SC,BC ਅਧਿਆਪਕ ਜਥੇਬੰਦੀ
- "ਮਾਪੇ ਅਧਿਆਪਕ ਮਿਲਣੀ " ਦੀ ਮਿਤੀ 'ਚ ਵਾਧਾ ਕਰਨ ਲਈ ਦੱਸੇ ਕਈ ਕਾਰਨ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 13 ਅਕਤੂਬਰ 2024, - ਐੱਸ.ਸੀ, ਬੀ.ਸੀ. ਅਧਿਆਪਕ ਜਥੇਬੰਦੀ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਰਾਏਕੋਟ ਦੇ ਪ੍ਰਧਾਨ ਸੁਖਦੇਵ ਸਿੰਘ ਜੱਟਪੁਰੀ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਸਿੱਖਿਆ ਵਿਭਾਗ ਵਲੋਂ ਮਿਤੀ 18 ਅਕਤੂਬਰ ਨੂੰ ਕਰਵਾਈ ਜਾ ਰਹੀ ਅਧਿਆਪਕ ਮਾਪੇ ਮਿਲਣੀ ਦੀ ਮਿਤੀ ਚਾਰ ਤੋਂ ਪੰਜ ਦਿਨਾਂ ਲਈ ਅੱਗੇ ਕਰਨ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ।
ਪ੍ਰੈੱਸ ਨੂੰ ਜਾਰੀ ਇੱਕ ਸਾਂਝੇ ਬਿਆਨ 'ਚ ਇਨ੍ਹਾਂ ਅਧਿਆਪਕਾ ਆਗੂਆਂ ਵਲੋਂ ਇਤਰਾਜ਼ ਪ੍ਰਗਟਾਇਆ ਗਿਆ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਸਾਹਿਬਾਨ ਸਕੂਲ ਸਿੱਖਿਆ ਨਾਲ ਮਹੱਤਵਪੂਰਨ ਫੈਸਲੇ ਲੈਂਦਿਆਂ ਜ਼ਮੀਨੀ ਹਕੀਕਤਾਂ ਨੂੰ ਨਹੀਂ ਦੇਖਦੇ।ਅਧਿਆਪਕ ਮਾਪੇ ਮਿਲਣੀ ਸਕੂਲ ਸਿੱਖਿਆ ਦਾ ਅਹਿਮ ਹਿੱਸਾ ਹੈ। ਜਿਸ ਵਿੱਚ ਅਧਿਆਪਕ ਤੇ ਮਾਪਿਆਂ ਨੇ ਮਿਲਕੇ , ਵਿਚਾਰ ਚਰਚਾ ਕਰਕੇ ਵਿਦਿਆਰਥੀ ਦੇ ਭਵਿੱਖ ਸੰਬੰਧੀ ਅਹਿਮ ਤੇ ਮਹੱਤਵਪੂਰਨ ਨਿਰਣੇ ਲੈਂਣੇ ਹੁੰਦੇ ਹਨ। ਸਿੱਖਿਆ ਵਿਭਾਗ ਵਲੋਂ ਇਸ ਸੰਬੰਧੀ ਹੁਕਮ ਮਿਤੀ 11 ਅਕਤੂਬਰ 2024 ਨੂੰ ਜਾਰੀ ਕੀਤੇ ਜਾਂਦੇ ਹਨ। ਜਦ ਕਿ ਜ਼ਿਆਦਾਤਰ ਸਕੂਲ 11 ਤਾਰੀਖ ਤੋ 15 ਤਾਰੀਖ ਤੱਕ ਛੁੱਟੀਆਂ ਅਤੇ ਪੰਚਾਇਤ ਦੀਆਂ ਚੋਣਾਂ ਕਾਰਨ ਬੰਦ ਹਨ। 16 ਤਾਰੀਖ ਦੀ ਕਈ ਸਕੂਲਾਂ ਵਲੋਂ ਲੋਕਲ ਛੁੱਟੀ ਲਗਾਈ ਹੋਈ ਹੈ। ਚੋਣ ਕਮਿਸ਼ਨਰ ਪੰਜਾਬ ਵਲੋਂ ਵੀ 16 ਤਾਰੀਖ ਦੀ ਛੁੱਟੀ ਕਰਨ ਦੀ ਸੰਭਾਵਨਾ ਹੈ। ਕਿਉਂਕਿ ਅਧਿਆਪਕ ਚੋਣ ਡਿਊਟੀ ਕਾਰਨ 15 ਤਾਰੀਖ ਨੂੰ ਦੇਰ ਰਾਤ ਤੱਕ ਘਰ ਪਹੁੰਚਣਗੇ। 17 ਤਾਰੀਖ ਨੂੰ ਵੀ ਸਕੂਲਾਂ ਵਿੱਚ ਛੁੱਟੀ ਹੈ। ਭਾਵ 11ਤਾਰੀਖ ਤੋਂ ਬਾਅਦ ਸਿੱਧੇ ਸਕੂਲ 18 ਤਾਰੀਖ ਨੂੰ ਖੁੱਲ੍ਹ ਰਹੇ ਹਨ।
ਅਜਿਹੀ ਸਥਿਤੀ ਵਿੱਚ ਸਿੱਖਿਆ ਵਿਭਾਗ ਇੱਕ ਹਫ਼ਤੇ ਦੀਆਂ ਛੁੱਟੀਆਂ ਤੋਂ ਤੁਰੰਤ ਬਾਅਦ 18 ਤਾਰੀਖ ਨੂੰ ਸਮਾਂ 9-00 ਤੋਂ 2-00 ਵਜ਼ੇ ਤੱਕ ਅਧਿਆਪਕ ਮਾਪੇ ਮਿਲਣੀ ਦਾ ਸ਼ਡਿਊਲ ਜਾਰੀ ਕਰ ਰਿਹਾ ਹੈ। ਜੋ ਬਿਲਕੁਲ ਵੀ ਉੱਚਿਤ ਨਹੀਂ ਹੈ।ਚੋਣਾਂ ਦੇ ਕਾਰਨ ਜਮਾਤਾਂ ਦੇ ਕਮਰਿਆਂ ਦੇ ਡੈਸਕ ਉੱਥਲ ਪੁਥਲ ਹੋਏ ਪਏ ਹਨ। ਜਿਨ੍ਹਾਂ ਦੀ ਚੰਗੀ ਤਰ੍ਹਾਂ ਸੈਟਿੰਗ ਕਰਨ ਨੂੰ ਵੀ ਸਮਾਂ ਲੱਗਣਾ ਹੈ। ਸਕੂਲਾਂ ਵਿੱਚ ਸਫ਼ਾਈ ਕਰਮਚਾਰੀ ਨਹੀਂ ਹਨ।ਸਫਾਈ ਲਈ ਵੀ ਅਧਿਆਪਕਾਂ ਨੂੰ ਖੁਦ ਹੀ ਜੁਟਣਾ ਪੈਣਾ ਹੈ।ਮਾਪਿਆਂ ਨਾਲ ਮਹੱਤਵਪੂਰਨ ਪ੍ਰਾਜੈਕਟ ਸੀ ਈ ਪੀ ਦੀ ਚਰਚਾ ਕਰਨੀ ਹੈ, ਜਿਸ ਦੀਆਂ ਓ ਐੱਮ ਆਰਜ਼ ਸੈੱਟ ਕਰਨੀਆਂ ਹਨ ਤੇ ਵੀਕ ਕੰਪੀਟੈਂਸੀ ਦੀ ਲਿਸਟ ਤਿਆਰ ਕਰਨੀ ਹੈ, ਮਿਸ਼ਨ ਸਮਰੱਥ ਦੀ ਵਿਉਂਤਬੰਦੀ ਕਰਨੀ ਹੈ, ਸਕੂਲ ਨਾਲ਼ ਤੇ ਵਿਦਿਆਰਥੀ ਨਾਲ ਸੰਬੰਧਿਤ ਹੋਰ ਅਨੇਕਾਂ ਮੁੱਦੇ ਹਨ ਜਿਨ੍ਹਾਂ ਬਾਰੇ ਸਕੂਲ ਮੁਖੀਆਂ ਤੇ ਅਧਿਆਪਕਾਂ ਵਲੋਂ ਤਿਆਰੀ ਕਰਨੀ ਹੈ।
ਇਨ੍ਹਾਂ ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਸੰਬੰਧੀ ਐਨੀਂ ਕਾਹਲ਼ੀ ਉੱਚਿਤ ਨਹੀਂ ਹੈ। ਸਕੂਲ ਮੁਖੀ ਤੇ ਅਧਿਆਪਕ ਇਸ ਅਹਿਮ ਮੀਟਿੰਗ ਨੂੰ ਸਿਰਫ਼ ਇੱਕ ਉਪਚਾਰਿਕਤਾ ਵਜੋਂ ਨਹੀਂ ਕਰਨਾ ਚਾਹੁੰਦੇ, ਸਗੋਂ ਇਸ ਮੀਟਿੰਗ ਦੇ ਵਿਦਿਆਰਥੀਆਂ ਦੇ ਪੱਖ ਤੋਂ ਸਾਰਥਕ ਨਤੀਜੇ ਲੈਣਾ ਚਾਹੁੰਦੇ ਹਨ। ਪ੍ਰੈੱਸ ਬਿਆਨ 'ਚ ਉਪਰੋਕਤ ਅਧਿਆਪਕ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ ਬੇਨਤੀ ਕੀਤੀ ਹੈ ਕਿ ਵਿਦਿਆਰਥੀਆਂ ਦੀ ਕੁਆਲਟੀ ਆਫ ਐਜੂਕੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਧਿਆਪਕਾਂ ਨੂੰ ਇਸ ਅਧਿਆਪਕ ਮਾਪੇ ਮਿਲਣੀ ਦੀ ਤਿਆਰੀ ਕਰਨ ਦਾ ਸਮਾਂ ਦੇਵੇ ਤੇ ਇਹ ਮੀਟਿੰਗ ਚਾਰ ਤੋਂ ਪੰਜ ਦਿਨ ਤੱਕ ਅੱਗੇ ਕੀਤੀ ਜਾਏ।
ਕੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਅਧਿਆਪਕ ਆਗੂਆਂ ਵੱਲੋਂ ਦਲੀਲਾਂ ਸਹਿਤ ਦੱਸੇ ਗਏ ਕਾਰਨਾਂ ਨੂੰ ਧਿਆਨ 'ਚ ਰੱਖ ਕੇ "ਅਧਿਆਪਕ ਮਾਪੇ ਮਿਲਣੀ" ਦੀ ਤਾਰੀਕ 'ਚ ਵਾਧਾ ਕਰੇਗੀ ਜਾਂ ਨਹੀਂ? ਇਹ ਭਵਿੱਖ ਦੀ ਬੁੱਕਲ 'ਚ ਛੁਪਿਆ ਹੋਇਆ ਹੈ।