ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਿਲ ਰਿਹਾ ਭਾਰੀ ਸਮਰਥਨ
- ਹਰ ਦਿਨ ਵਧ ਰਿਹਾ ਕਾਂਗਰਸ ਦਾ ਦਾਇਰਾ
ਰੋਹਿਤ ਗੁਪਤਾ
ਗੁਰਦਾਸਪੁਰ 2 ਨਵੰਬਰ 2024 - ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਨਾਲ-ਨਾਲ ਹਲਕਾ ਗੁਰਦਾਸਪੁਰ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਅਤੇ ਵਰਕਰ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੇ ਹਨ।
ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਸ. ਤ੍ਰਿਪਤ ਬਾਜਵਾ,ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਉਨ੍ਹਾਂ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਪਾਹੜਾ, ਸ੍ਰੀ ਹਰਗੋਬਿੰਦਪੁਰ ਤੋਂ ਅਮਨਦੀਪ ਸਿੰਘ ਰੰਗੜ ਨੰਗਲ ਸਮੇਤ ਮੈਡਮ ਸੁਨੀਤਾ ਚੌਧਰੀ ਜੋਗਿੰਦਰ ਪਾਲ ਭੋਆ ਅਤੇ ਟੀਨਾ ਚੌਧਰੀ ਆਦਿ ਸਭ ਨੇਤਾ ਡੇਰਾ ਬਾਬਾ ਨਾਨਕ ਵਿੱਚ ਜਨਤਾ ਨਾਲ ਤਾਲਮੇਲ ਕਰਕੇ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਜਿਤਾਉਣ ਲਈ ਪੁਰਜ਼ੋਰ ਯਤਨ ਕਰ ਰਹੇ ਹਨ।
ਮੈਡਮ ਜਤਿੰਦਰ ਕੌਰ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਤਾਕਤ ਹਲਕੇ ਦੇ ਲੋਕ ਅਤੇ ਕਾਂਗਰਸੀ ਵਰਕਰ ਅਤੇ ਸਮਰਥਕ ਹਨ ਅਤੇ ਅਸੀਂ ਸਾਰੇ ਰਲ ਕੇ ਹਲਕੇ ਵਿੱਚੋ ਨਸ਼ਾਖੋਰੀ ਨੂੰ ਖਤਮ ਕਰਨ ਲਈ ਸਿਰਤੋੜ ਮਿਹਨਤ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਆਵਾਜ਼ ਬਣਕੇ ਵਿਧਾਨ ਸਭਾ ਵਿੱਚ ਮੌਜੂਦਾ ਸਰਕਾਰ ਨੂੰ ਜਗਾਉਣ ਲਈ ਸਵਾਲ ਕਰਨਗੇ। ਹਲਕੇ ਦਾ ਉਦਯੋਗਿਕ ਵਿਕਾਸ, ਨਸ਼ਾਖੋਰੀ ਦਾ ਖਾਤਮਾ ਅਤੇ ਪਰਵਾਸ ਨੂੰ ਠੱਲ੍ਹ ਪਾਉਣਾ ਉਨ੍ਹਾਂ ਦਾ ਮੁੱਖ ਮਨੋਰਥ ਹੈ।
ਅੱਜ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਤੋਂ ਇਲਾਵਾ ਕਲਾਨੌਰ ,ਪਿੰਡ ਡੇਰਾ ਪਠਾਣਾ, ਪਿੰਡ ਅਬਦਾਲ ਅਤੇ ਪਿੰਡ ਸ਼ਾਹਪੁਰ ਜਾਜਨ ਵਿਖੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਅਗਵਾਈ ਚ ਅਨੇਕਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ ਸਮਰਥਕ ਦਰਜਨਾਂ ਪਰਿਵਾਰਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ। ਕਾਂਗਰਸ ਨਾਲ ਜੁੜਨ ਵਾਲੇ ਇਨ੍ਹਾਂ ਸਭ ਪਰਿਵਾਰਾਂ ਦਾ ਸਵਾਗਤ ਕੀਤਾ ਗਿਆ ਅਤੇ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਅਕਾਲੀਆਂ ਤੇ ਆਪ ਦਾ ਮਕਸਦ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਇਸ ਲਈ ਇਨ੍ਹਾਂ ਪਾਰਟੀਆਂ ਤੋਂ ਅੱਕੇ ਲੋਕ ਆਏ ਦਿਨ ਲੋਕ ਹਿਤੈਸ਼ੀ ਤੇ ਪੰਜਾਬ ਪੱਖੀ ਕਾਂਗਰਸ ਨੂੰ ਜੁਆਇੰਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਸੀਟ ਪੰਜਾਬ ਵਿੱਚ ਕਾਂਗਰਸ ਦੀ 2027 ਦੀ ਸਰਕਾਰ ਬਣਾਉਣ ਲਈ ਨਿਰਣਾਇਕ ਸੀਟ ਸਾਬਿਤ ਹੋਵੇਗੀ।