ਹੁਸ਼ਿਆਰਪੁਰ: ਵੋਟਰ ਸੂਚੀਆਂ ਦੀ ਸੁਧਾਈ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ 30 ਨਵੰਬਰ ਤੇ 8 ਦਸੰਬਰ ਨੂੰ : ਜ਼ਿਲ੍ਹਾ ਚੋਣ ਅਫ਼ਸਰ
- ਯੋਗ ਵਿਅਕਤੀ ਕੈਂਪ ਦੌਰਾਨ ਬੂਥ ਪੱਧਰ ਦੇ ਅਧਿਕਾਰੀਆਂ ਕੋਲ ਦਰਜ ਕਰਵਾ ਸਕਦੇ ਹਨ ਦਾਅਵੇ ਤੇ ਇਤਰਾਜ
ਹੁਸ਼ਿਆਰਪੁਰ, 12 ਨਵੰਬਰ 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣ ਹਲਕਾ 044-ਚੱਬੇਵਾਲ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਥੇ ਯੋਗ ਵਿਅਕਤੀਆਂ ਦੇ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਯੋਗਤਾ ਮਿਤੀ 01-01-2025 ਦੇ ਆਧਾਰ ’ਤੇ ਸੁਧਾਈ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ 30 ਨਵੰਬਰ ਅਤੇ 8 ਦਸੰਬਰ 2024 ਨੂੰ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਬੂਥ ਪੱਧਰ ਦੇ ਅਧਿਕਾਰੀ ਸਬੰਧਤ ਪੋਲਿੰਗ ਬੂਥਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਯੋਗਤਾ ਮਿਤੀ 01-01-2025 ਅਨੁਸਾਰ ਯੋਗ ਵਿਅਕਤੀਆਂ ਦੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜਨੀਤਿਕ ਦਲਾਂ ਦੇ ਪ੍ਰਤੀਨਿੱਧ ਬੂਥ ਪੱਧਰ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਆਪਣੇ ਪੋਲਿੰਗ ਏਜੰਟਾਂ ਦੀ ਨਿਯੁਕਤੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 1 ਜਨਵਰੀ 2025 ਤੱਕ ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਦੇ ਸਕਦੇ ਹਨ। ਵੋਟਰ ਸੂਚੀ ਵਿਚ ਸ਼ਾਮਿਲ ਨਾਮ ਬਾਰੇ ਇਤਰਾਜ ਜਾਂ ਵੋਟ ਕਟਵਾਉਣ/ਸੁਧਾਰ ਲਈ ਫਾਰਮ ਨੰਬਰ 7 ਭਰਿਆ ਜਾ ਸਕਦਾ ਹੈ, ਜਦਕਿ ਡੁਪਲੀਕੇਟ ਵੋਟਰ ਕਾਰਡ ਲਈ ਫਾਰਮ ਨੰਬਰ 8 ਭਰ ਕੇ ਬੂਥ ਪੱਧਰ ਦੇ ਅਧਿਕਾਰੀ/ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿਚ ਜਾਂ ਵੋਟਰ ਹੈਲਪਲਾਈਨ ਐਪ ਜਾਂ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਹ ਦਾਅਵੇ ਅਤੇ ਇਤਰਾਜ 27 ਨਵੰਬਰ ਤੋਂ 12 ਦਸੰਬਰ 2024 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਇਨ੍ਹਾਂ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 24 ਦਸੰਬਰ ਤੱਕ ਕੀਤਾ ਜਾਵੇਗਾ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 6 ਜਨਵਰੀ 2025 ਨੂੰ ਹੋਵੇਗੀ। ਵਿਸ਼ੇਸ਼ ਅਭਿਆਨ ਦੇ ਦਿਨਾਂ ਵਿਚ 30 ਨਵੰਬਰ ਅਤੇ 8 ਦਸੰਬਰ ਨੂੰ ਬੀ.ਐਲ.ਓਜ਼ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠ ਕੇ ਯੋਗ ਵਿਅਕਤੀਆਂ ਦੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।