ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਨਵੰਬਰ 2020-ਜ਼ਿਲ੍ਹੇ ਦੇ ਪਿੰਡ ਚੱਕ ਮਦਰੱਸਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਨ ਲੈਣ ਗਏ ਇੱਕ ਕਿਸਾਨ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਪੁਲਸ ਨੇ ਲਾਪਤਾ ਹੋਏ ਵਿਅਕਤੀ ਦੇ ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਬਲਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਚੱਕ ਮਦਰੱਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਰਾ ਜੋਗਿੰਦਰ ਸਿੰਘ (45) ਜੋ ਕਿ ਅੱਜ ਤੋਂ 5 ਦਿਨ ਪਹਿਲਾਂ ਪਿੰਡ ਚੱਕ ਮਦਰੱਸਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਮੋਟਰਸਾਇਕਲ ’ਤੇ ਰਾਸ਼ਨ ਲੈਣ ਲਈ ਆਇਆ ਸੀ, ਜਿਸ ਨੇ ਰਾਸ਼ਨ ਲੈ ਕੇ ਰਿਕਸ਼ਾ ਉਪਰ ਰੱਖਵਾ ਦਿੱਤਾ ਤੇ ਖੁਦ ਦੁਕਾਨਦਾਰ ਨੂੰ ਕੁੱਝ ਸਮੇਂ ਬਾਅਦ ਆਉਣ ਦਾ ਕਹਿ ਕੇ ਆਪਣਾ ਮੋਟਰਸਾਇਕਲ ਦੁਕਾਨ ਮੂਹਰੇ ਹੀ ਖੜ੍ਹਾ ਛੱਡ ਕੇ ਚਲਾ ਗਿਆ, ਜਦੋਂ ਸ਼ਾਮ ਤੱਕ ਉਹ ਵਾਪਿਸ ਨਾ ਪਰਤਿਆ ਤਾਂ ਉਕਤ ਦੁਕਾਨਦਾਰ ਨੇ ਜੋਗਿੰਦਰ ਸਿੰਘ ਦੇ ਘਰ ਫੋਨ ਕੀਤਾ। ਇਸ ਉਪਰੰਤ ਇਸ ਸਾਰੀ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਪੁਲਸ ਨੂੰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜੋਗਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਇਸ ਦੇ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਵਿੱਚ ਹੋਈ ਦੇਰੀ ਨੂੰ ਲੈ ਕੇ ਕੁੱਝ ਸਮੇਂ ਲਈ ਥਾਣਾ ਸਿਟੀ ਦੇ ਮੂਹਰੇ ਧਰਨਾ ਵੀ ਲਗਾਇਆ ਗਿਆ ਸੀ, ਪਰ ਪੁਲਸ ਕਰਮਚਾਰੀਆਂ ਦੇ ਵਿਸ਼ਵਾਸ਼ ਤੋਂ ਬਾਅਦ ਉਨ੍ਹਾਂ ਨੇ ਧਰਨਾ ਜਲਦੀ ਹੀ ਸਮਾਪਤ ਕਰ ਦਿੱਤਾ। ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਐਸ. ਐਚ. ਓ. ਮੋਹਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ, ਥਾਣਾ ਸਿਟੀ ਵਿੱਚ ਗੁੰਮਸ਼ੁਦਾ ਦੀ ਰਿਪੋਰਟ ਦਰਜ਼ ਕੀਤੀ ਗਈ ਹੈ, ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।