ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਜਾ ਸਿਆਲ ਗਰੇਵਾਲ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ
ਦੀਦਾਰ ਗੁਰਨਾ
ਪਟਿਆਲਾ, 24 ਨਵੰਬਰ : ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪਟਿਆਲਾ ਜ਼ਿਲ੍ਹੇ ਦੇ ਦਿਵਿਆਂਗਜਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀਆਂ 100 ਫ਼ੀਸਦੀ ਵੋਟਾਂ ਬਣਾਉਣ ਦੇ ਟੀਚੇ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਵੀਪ ਦੀ ਟੀਮ ਵੱਲੋਂ ਜ਼ਿਲ੍ਹਾ ਪੱਧਰੀ ਸਭਿਆਚਾਰਕ ਪ੍ਰੋਗਰਾਮ, ਸੁਸਾਇਟੀ ਫ਼ਾਰ ਡੈਫ ਐਂਡ ਬਲਾਇੰਡ ਸੈਫਦੀਪੁਰ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਦਿਵਿਆਂਗਜਨਾਂ ਦੀ 100 ਫ਼ੀਸਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਮੌਕੇ ਸਵੀਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਮੌਜੂਦ ਸਨ
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮਾਗਮ ਦੌਰਾਨ ਭਾਰਤ ਦੇ ਮਜ਼ਬੂਤ ਲੋਕਤੰਤਰ ਲਈ ਦਿਵਿਆਂਗਜਨ ਵੋਟਰਾਂ ਨੂੰ ਥੰਮ ਮੰਨਦੇ ਹੋਏ ਉਨ੍ਹਾਂ ਦੀਆਂ 100 ਫ਼ੀਸਦੀ ਵੋਟਾਂ 'ਚ ਸ਼ਮੂਲੀਅਤ ਲਈ ਉਨ੍ਹਾਂ ਨੂੰ ਅੱਗੇ ਆਉਣ ਲਈ ਕਿਹਾ। ਇਸ ਮੌਕੇ 18 ਪੀ.ਡਬਲਿਊ.ਡੀ. ਵਿਦਿਆਰਥੀਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਦੀ ਹੋ ਚੁੱਕੀ ਹੈ ਦੇ ਮੌਕੇ 'ਤੇ ਹੀ ਫਾਰਮ ਭਰਵਾ ਕੇ ਰਜਿਸਟਰਡ ਕਰਵਾਇਆ ਗਿਆ
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕਰਨਲ ਕਰਮਿੰਦਰ ਸਿੰਘ ਦੀ ਦੇਖਰੇਖ 'ਚ ਦਿਵਿਆਂਗਜਨ ਵਿਦਿਆਰਥੀਆਂ ਦੇ ਗਿੱਧੇ, ਭੰਗੜੇ, ਲੋਕ ਗੀਤ, ਵਰੇਲ ਲਿਪੀ ਵਿੱਚ ਭਾਸ਼ਨ ਪ੍ਰਤੀਯੋਗਤਾ, ਪੇਂਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਪਟਿਆਲਾ ਸਕੂਲ ਫ਼ਾਰ ਡੈਫ ਐਂਡ ਬਲਾਇੰਡ, ਪਟਿਆਲਾ ਐਸੋਸੀਏਸ਼ਨ ਫ਼ਾਰ ਡੈਫ ਸੁਸਾਇਟੀ ਫਾਰ ਵੈਲ ਫੇਅਰ ਆਫ਼ ਹੈਂਡੀ ਕੈਪ ਨਵਜੀਵਨੀ ਸਕੂਲ, ਬਾਣੀ ਪਬਲਿਕ ਸਕੂਲ, ਸਪੀਕਿੰਗ ਹੈਡਸ ਵੈਲ ਫੇਅਰ ਫਾਊਂਡੇਸ਼ਨ ਰਾਜਪੁਰਾ, ਸਹਿਯੋਗ ਹਾਫ਼ ਵੇਅ ਹੋਮ ਰਾਜਪੁਰਾ ਅਤੇ ਜ਼ਿਲ੍ਹੇ ਭਰ ਦੇ ਸਕੂਲਾਂ ਕਾਲਜਾਂ ਦੇ ਲਗਭਗ 250 ਵਿਦਿਆਰਥੀਆਂ ਨੇ ਹਿੱਸਾ ਲਿਆ
ਸਮਾਗਮ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ ਜਿਸ 'ਚ ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੀ ਵਿਦਿਆਰਥਣ ਅਰਸ਼ਨੂਰ ਕੌਰ ਨੇ ਪਹਿਲਾ ਸਥਾਨ, ਪਟਿਆਲਾ ਸਕੂਲ ਆਫ਼ ਡੈਫ ਦੇ ਸੋਨੂੰ ਕੁਮਾਰ ਨੇ ਦੂਸਰਾ ਸਥਾਨ ਅਤੇ ਅਰਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਵਰੇਲ ਲਿਪੀ ਦੇ ਲੇਖ ਰਚਨਾ ਮੁਕਾਬਲੇ 'ਚ ਅਫਜ਼ਲ ਨੇ ਪਹਿਲਾ ਸਥਾਨ ਨਮਨ ਨੇ ਦੂਜਾ ਅਤੇ ਮੁਕੇਸ਼ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਲੋਕ ਨਾਚ ਮੁਕਾਬਲਿਆਂ ਵਿੱਚ ਪਟਿਆਲਾ ਸਕੂਲ ਆਫ਼ ਡੈਫ ਐਂਡ ਬਲਾਇੰਡ ਦੇ ਗਿੱਧੇ ਨੇ ਪਹਿਲਾ ਸਥਾਨ, ਸੁਸਾਇਟੀ ਫ਼ਾਰ ਵੈਲਫੇਅਰ ਆਫ਼ ਹੈਂਡੀ ਕੇਪਡ ਦੇ ਭੰਗੜੇ ਨੇ ਦੂਜਾ ਸਥਾਨ ਅਤੇ ਬਾਣੀ ਸਕੂਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਕਵਿਤਾ ਗਾਇਨ ਅਤੇ ਲੋਕ ਗੀਤ ਮੁਕਾਬਲੇ ਵਿੱਚ ਜੈਸਮੀਨ ਓ.ਐਸ. ਅਤੇ ਕਵਿਤਾ ਨੇ ਬਾਜ਼ੀ ਮਾਰੀ
ਇਸ ਮੌਕੇ ਦਿਵਿਆਂਗਜਨ ਵੋਟਰਾਂ ਦੇ ਜ਼ਿਲ੍ਹਾ ਦੂਤ (ਆਈਕਨ) ਜਗਦੀਪ ਸਿੰਘ ਨੇ ਵੀਡੀਓ ਦਿਖਾ ਕੇ ਦਿਵਿਆਂਗਜਨ ਵੋਟਰਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਆ।
ਇਸ ਪ੍ਰੋਗਰਾਮ ਦੌਰਾਨ ਚੋਣ ਤਹਿਸੀਲਦਾਰ ਰਾਮ ਜੀ ਲਾਲ, ਚੋਣ ਕਾਨੂੰਗੋ ਕੁਲਜੀਤ ਸਿੰਘ, ਪਵਨ ਗੋਇਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।