ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2020 - ਰੈਡ ਕਰਾਸ ਸੁਸਾਇਟੀ ਦੀ ਸਹਿਯੋਗੀ ਸੰਸਥਾ ਸੇਂਟ ਜਾਨ ਐਂਬੂਲੈਂਸ ਵੱਲੋਂ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕੋਵਿਡ ਹਦਾਇਤਾਂ ਦੀ ਪਾਲਣਾ ਕਰਦੇ ਹੋਏ 2 ਗਰੁੱਪਾਂ ਵਿੱਚ ਫਸਟ ਏਡ ਦੀ ਸਿਖਲਾਈ ਦਿੱਤੀ ਗਈ। ਰੈਡ ਕਰਾਸ ਭਵਨ ਵਿਖੇ ਦਿੱਤੀ ਇਸ ਟ੍ਰੇਨਿੰਗ ਵਿੱਚ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਸਿਖਿਆਰਥੀਆਂ ਨੂੰ ਫਸਟ ਏਡ ਦੀ ਮਹੱਤਤਾ, ਦਿਲ ਅਤੇ ਸਾਹ ਰੁਕਣ ਦੀ ਹਾਲਤ ਵਿੱਚ ਸੀਪੀਆਰ ਦੇਣ, ਪਾਣੀ ਵਿੱਚ ਡੁੱਬਣ, ਕਰੰਟ ਲੱਗਣ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗ ਲੈਣ, ਗਰਮੀ ਜਾਂ ਲੂ ਲੱਗਣ, ਵਗਦੇ ਖੂਨ ਨੂੰ ਰੋਕਣ, ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣ, ਪੱਟੀਆਂ ਅਤੇ ਫੱਟੀਆਂ ਦੀ ਵਰਤੋਂ ਕਰਨ ਅਤੇ ਸਨੇਕ ਬਾਈਟ ਵਰਗੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਦੀ ਪ੍ਰੈਕਟੀਕਲ ਅਤੇ ਮੌਖਿਕ ਜਾਣਕਾਰੀ ਦਿੱਤੀ। ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਤੇਜ ਰਫਤਾਰ ਯੁਗ ਵਿੱਚ ਫੱਟੜਾਂ ਦੀ ਸਹਾਇਤਾ ਵਿੱਚ ਫਸਟ ਏਡ ਜੀਵਨ ਬਚਾਉਣ ਵਾਲੀ ਸਾਬਤ ਹੁੰਦੀ ਹੈ। ਹਰੇਕ ਇਨਸਾਨ ਨੂੰ ਫਸਟ ਏਡ ਦੀ ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ। ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮੁਸੀਬਤ ਸਮੇਂ ਕਿਸੇ ਦੀ ਮੱਦਦ ਕਰਕੇ ਇਨਸਾਨੀ ਫਰਜ਼ ਨਿਭਾਉਣ।