ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2020 - ਕਿਸਾਨ ਸੰਘਰਸ਼ ਸਮਰਥਨ ਕਮੇਟੀ ਨੇ ਸਮੂਹ ਵਰਗਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਅੱਜ ਟੀਚਰਜ਼ ਹੋਮ ’ਚ ਕੀਤੀ ਮੀਟਿੰਗ ਵਿੱਚ ਫੈਸਲਾ ਲਿਆ ਕਿ ਨਵੇਂ ਕਾਨੂੰਨਾਂ ਦਾ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਸਮੁੱਚੇ ਕਿਰਤੀ ਵਰਗ ਤੇ ਮਾਰੂ ਅਸਰ ਪਵੇਗਾ ਅਤੇ ਗਰੀਬੀ,ਬੇਰੁਜਗਾਰੀ,ਮਹਿੰਗਾਈ ਤੇ ਕਾਲਾਬਾਜਾਰੀ ਸਿਖਰਾਂ ਨੂੰ ਛੋਹੇਗੀ।
ਨੋਟਬੰਦੀ ਅਤੇ ਜੀਐਸਟੀ ਵਰਗੇ ਫੈਸਲਿਆਂ ਕਾਰਨ ਤਬਾਹੀ ਕੰਢੇ ਪੁੱਜਿਆ ਵਪਾਰ ਬਿਲਕੁਲ ਖਤਮ ਹੋ ਜਾਏਗਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੀਆਂ ਆਰਥਿਕ ਨੀਤੀਆਂ ਤਹਿਤ ਆਰਥਿਕ ਸੁਧਾਰਾਂ ਦੇ ਨਾਮ ਤੇ ਕੋਰੋਨਾ ਵਾਇਰਸ ਦੀ ਆੜ ਵਿੱਚ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਸਰਕਾਰੀ ਥਰਮਲ ,ਬਿਜਲੀ ,ਪਾਣੀ ,ਸਿਹਤ ,ਸਿੱਖਿਆ ,ਟਰਾਂਸਪੋਰਟ ,ਬੀਮਾ ,ਬੈਂਕਾਂ,ਏਅਰਪੋਰਟ ਅਤੇ ਹਵਾਈ ਸੇਵਾਵਾਂ ਆਦਿ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਅਤ ਨਾਲ ਸਮੂਹ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਨਵੇਂ ਖੇਤੀ ਕਾਨੂੰਨਾਂ,ਬਿਜਲੀ ਸੋਧ ਬਿੱਲ 2020,ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ,ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ,ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ, ਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਲੋੜਵੰਦ ਲੋਕਾਂ ਸਸਤਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ,ਪ੍ਰਚੂਨ ਖ਼ੇਤਰ ਦਾ ਉਜਾੜਾ ਬੰਦ ਕੀਤਾ ਜਾਵੇ, ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਅਤੇ ਸਮਾਜ ਸੇਵੀ ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੇ ਹੱਕ ’ਚ ਦੋ ਦਸੰਬਰ ਸ਼ਾਮ ਨੂੰ ਬਠਿੰਡਾ ਸ਼ਹਿਰ ਦੇ ਬਜ਼ਾਰਾਂ ਮਸ਼ਾਲ ਮਾਰਚ ਕਰਕੇ ਲੋਕਾਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਡੀ.ਟੀ.ਐਫ.ਤੋਂ ਰੇਸ਼ਮ ਸਿੰਘ ਖੇਮੂਆਣਾ,ਰਮਸਾ ਅਧਿਆਪਕ ਯੂਨੀ: ਤੋਂ ਹਰਜੀਤ ਜੀਦਾ,ਨੌਜਵਾਨ ਭਾਰਤ ਸਭਾ ਤੋਂ ਅਸ਼ਵਨੀ ਘੁੱਦਾ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਤੋਂ ਜਗਰੂਪ ਸਿੰਘ,ਗੁਰਵਿੰਦਰ ਪੰਨੂੰ,ਵਰਿੰਦਰ ਬੀਬੀਵਾਲਾ ,ਸੇਵਕ ਦੰਦੀਵਾਲ,ਸੰਦੀਪ ਖਾਨ,ਰਾਜੇਸ਼ ਕੁਮਾਰ,ਐਸ.ਐਲ.ਏ.ਯੂਨੀਅਨ ਤੋਂ ਗੁਰਵਿੰਦਰ ਸੰਧੂ,ਈ.ਟੀ.ਟੀ.ਟੀਚਰ ਯੂਨੀਅਨ ਤੋਂ ਜਗਸੀਰ ਸਹੋਤਾ ,ਟੀ.ਐਸ.ਯੂ. (ਭੰਗਲ) ਤੋਂ ਰੰਗ ਸਿੰਘ, ਸਾਹਿਤ ਸੱਭਿਆਚਾਰ ਮੰਚ ਤੋਂ ਅਤਰਜੀਤ,ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਜਗਸੀਰ ਸਿੰਘ,ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ ਤੋਂ ਕੇਵਲ ਜੀਦਾ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਐਚ.ਐਸ.ਰਾਣੂ,ਨਿਊ ਹੋਲਸੇਲ ਕਲਾਥ ਮਾਰਕੀਟ ਤੋਂ ਭਾਰਤ ਭੂਸ਼ਨ,ਦੋਧੀ ਯੂਨੀਅਨ ਤੋਂ ਬੂਟਾ ਸਿੰਘ, 6060 ਮਾਸਟਰ ਕਾਡਰ ਯੂਨੀਅਨ ਤੋਂ ਨਿਰਮਲ ਸਿੰਘ ਮੁਲਤਾਨੀ,ਮਹਿਣਾ ਚੌਕ ਦੁਕਾਨਦਾਰ ਯੂਨੀਅਨ ਤੋਂ ਰਾਜੀਵ ਕੁਮਾਰ ਗਰਗ ਅਤੇ ਵਿਜੈ ਭੱਟ ਆਦਿ ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ ਸਰਕਾਰਾਂ ਦੇ ਲੋਕਮਾਰੂ ਹੱਲਿਆਂ ਖਿਲਾਫ਼ ਜਥੇਬੰਦ ਹੋਕੇ ਸੰਘਰਸਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ।