ਦੀਪਕ ਜੈਨ
- ਕੌਂਸਲਰ ਪਾਲੀ ਸਮੇਤ ਪੁੱਜੀ ਨਗਰ ਕੌਂਸਲ ਦੀ ਟੀਮ ਵਲੋਂ ਕਬਜ਼ਾ ਰੁਕਵਾਇਆ
ਜਗਰਾਓਂ, 3 ਦਸੰਬਰ 2020 - ਸਥਾਨਕ ਕੋਠੇ ਪੋਨਾ ਰੋਡ 'ਤੇ ਸਥਿਤ ਨਗਰ ਕੌਂਸਲ ਜਗਰਾਓਂ ਦੇ ਛੱਪੜ ਵਾਲੀ ਜਗ੍ਹਾ 'ਤੇ ਸ਼ਹਿਰ ਦੇ ਇਕ ਨਾਮੀ ਧਨਾਢ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਨਗਰ ਕੌਂਸਲ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਰੁਕਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਵਰਿੰਦਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਮੈਂ ਲੰਘ ਰਿਹਾ ਸੀ ਤਾਂ ਦੇਖਿਆ ਕਿ ਕੁੱਝ ਵਿਅਕਤੀ ਨਗਰ ਕੌਂਸਲ ਦੀ ਛੱਪੜ ਵਾਲੀ ਜਗ੍ਹਾ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਮਿੱਟੀ ਪਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਨਗਰ ਕੌਂਸਲ ਦਫ਼ਤਰ ਵਿਖੇ ਪਹੁੰਚ ਕਰਕੇ ਸਾਰਾ ਮਾਮਲਾ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਦੇ ਧਿਆਨ ਵਿਚ ਲਿਆਂਦਾ ਤਾਂ ਮੌਕੇ 'ਤੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ, ਐਸ.ਓ. ਸੁਖਦੀਪ ਸਿੰਘ, ਸਾਬਕਾ ਕੌਂਸਲਰ ਰਾਜ ਭਾਰਦਵਾਜ, ਕੌਂਸਲਰ ਅਨਮੋਲ ਗੁਪਤਾ, ਸਾਬਕਾ ਕੌਂਸਲਰ ਸਤਿੰਦਰਜੀਤ ਸਿੰਘ ਤੱਤਲਾ ਸਮੇਤ ਨਗਰ ਕੌਂਸਲ ਦੀ ਟੀਮ ਨੇ ਮੌਕੇ 'ਤੇ ਪਹੁੰਚ ਕਰਕੇ ਉਕਤ ਜਗ੍ਹਾ 'ਤੇ ਕਬਜ਼ਾ ਹੋਣ ਤੋਂ ਰੋਕ ਲਿਆ।