- 5 ਅਤੇ 6 ਦਸੰਬਰ ਨੂੰ ਬੂਥ ਲੈਵਲ ਅਫ਼ਸਰਾਂ ਰਾਹੀਂ ਪੋÇਲੰਗ ਬੂਥਾਂ ’ਤੇ ਵੀ ਬਣਵਾਈ, ਕਟਵਾਈ ਜਾਂ ਦਰੁਸਤ ਕਰਵਾਈ ਜਾ ਸਕੇਗੀ ਵੋਟ
ਹੁਸ਼ਿਆਰਪੁਰ, 4 ਦਸੰਬਰ 2020 - ਜ਼ਿਲ੍ਹੇ ਵਿੱਚ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਵਲੋਂ ਅੱਜ ਵਿਸ਼ੇਸ਼ ਮੋਬਾਇਲ ਵੈਨ ਨੂੰ ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਖੇਤਰ ਲਈ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚੋਂ ਰਵਾਨਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸ਼ੁਰੂ ਹੋਈ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਰਵਾਨਾ ਕੀਤੀ ਇਸ ਵੈਨ ਦਾ ਮਨੋਰਥ ਹਲਕਾ ਉੜਮੁੜ ਵਿੱਚ ਲੋਕਾਂ ਨੂੰ ਵੋਟ ਬਣਵਾਉਣ, ਵੋਟ ਕਟਵਾਉਣ ਅਤੇ ਵੋਟ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਉਣ ਸਬੰਧੀ ਲੋੜੀਂਦੀ ਜਾਣਕਾਰੀ ਦੇਣਾ ਹੈ ਅਤੇ ਇਹ ਵੈਨ 15 ਦਸੰਬਰ ਤੱਕ ਹਲਕੇ ਵਿੱਚ ਰਹੇਗੀ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ 15 ਦਸੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 5 ਅਤੇ 6 ਦਸੰਬਰ ਨੂੰ ਬੂਥ ਲੈਵਲ ਅਫ਼ਸਰਾਂ ਵਲੋਂ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿ ਕੇ ਆਮ ਜਨਤਾ ਪਾਸੋਂ ਵੋਟ ਬਣਾਉਣ ਲਈ ਫਾਰਮ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਵੱਧ ਹੋਵੇ ਉਹ 5 ਅਤੇ 6 ਦਸੰਬਰ ਨੂੰ ਪੋਲਿੰਗ ਬੂਥਾਂ ਉਤੇ ਜਾ ਕੇ ਜਾਂ ਵੈਬਸਾਈਟ www.voterportal.eci.gov.in ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਫਾਰਮ ਨੰ: 6 ਅਪਲਾਈ ਕਰਕੇ ਆਪਣੀ ਵੋਟ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਾਲ ਸੈਂਟਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।