ਅਸ਼ੋਕ ਵਰਮਾ
ਬਠਿੰਡਾ, 8 ਜਨਵਰੀ 2021 - ਖੇਤ ਮਜਦੂਰਾਂ ਦੀ ਜਥੇਬੰਦੀ, ਪੰਜਾਬ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਖੇਤ ਮਜਦੂਰ ਕਿਸਾਨ ਸੰਘਰਸ਼ ਦਾ ਸ਼ੁਰੂ ਤੋਂ ਹੀ ਹਿੱਸਾ ਬਣੇ ਹੋਏ ਹਨ ਪਰ ਹੁਣ ਵੱਡੇ ਕਾਫਲਿਆਂ ਰਾਹੀਂ ਦਿੱਲੀ ਮੋਰਚੇ ’ਚ ਸ਼ਮੂਲੀਅਤ ਨੇ ਕਿਸਾਨੀ ਲੜਾਈ ਦੀ ਤਾਕਤ ਨੂੰ ਦੂਣ ਸਵਾਇਆ ਕਰਕੇ ਭਾਜਪਾ ਹਕੂਮਤ ਨੂੰ ਸੱਟ ਮਾਰਨ ਵਿਚ ਵੱਡਾ ਯੋਗਦਾਨ ਪਾਉਣਾ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਤੇ ਖੇਤ ਮਜਦੂਰ ਦੀ ਸਾਂਝ ਸਿਰਫ ਖੇਤੀ ਨੂੰ ਵਾਹੁਣ-ਬੀਜਣ ਤੱਕ ਸੀਮਤ ਨਹੀਂ ਬਲਕਿ ਖੇਤੀ ਖੇਤਰ ਦੇ ਸਾਹ-ਸਤ ਚੂਸ ਰਹੀਆਂ ਸਾਮਰਾਜੀ ਅਤੇ ਸਰਮਾਏਦਾਰਾਂ ਤੋਂ ਖੇਤੀ ਨੂੰ ਬਚਾਉਣ ਦੀ ਸਾਂਝ ਵੀ ਮੌਜੂਦ ਹੈ ਜੋ ਇਸ ਮਜਦੂਰ ਕਾਫਲੇ ਦੀ ਮੌਜੂਦਗੀ ਨਿਭਾਈ ਹੈ।
ਉਹਨਾਂ ਆਖਿਆ ਕਿ ਭਾਜਪਾ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਦੇ ਹਿੱਤ ਪਾਲਣ ਵਾਸਤੇ ਖੇਤੀ ਖੇਤਰ ’ਤੇ ਵੱਡਾ ਕਾਨੂੰਨੀ ਹੱਲਾ ਬੋਲਿਆ ਹੋਇਆ ਹੈ ਜੋ ਸਰਕਾਰੀ ਖਰੀਦ ਬੰਦ ਕਰੇਗਾ, ਤਿੰਨ ਲੱਖ ਪੱਲੇਦਾਰਾਂ ਤੇ ਸਰਕਾਰੀ ਖਰੀਦ ਏਜੰਸੀਆਂ ਦੇ ਹਜਾਰਾਂ ਕਰਮਚਾਰੀਆਂ ਤੋਂ ਰੁਜਗਾਰ ਖੋਹੇਗਾ। ਉਹਨਾਂ ਕਿਹਾ ਕਿ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ, ਬਿਜਲੀ ਸੋਧ ਬਿਲ-2020, ਨਵੀਂ ਸਿੱਖਿਆ ਨੀਤੀ ਤੇ ਰੈਗੂਲਰ ਰੁਜ਼ਗਾਰ ‘ਤੇ ਲਾਈਆਂ ਪਾਬੰਦੀਆਂ ਨੇ ਵੱਡੀ ਗਿਣਤੀ ਵਸੋਂ ਖਾਸ ਤੌਰ ਤੇ ਖੇਤ ਮਜਦੂਰ ਨੂੰ ਚੌਤਰਫੇ ਸੰਕਟਾਂ ’ਚ ਉਲਝਾਉਣਾ ਹੈ। ਉਹਨਾਂ ਆਖਿਆ ਕਿ ਮਜਦੂਰ ਕਾਫਲਾ, ਭਾਜਪਾ ਹਕੂਮਤ ਦੀ ਕਿਸਾਨਾਂ, ਮਜਦੂਰਾਂ ਦੀ ਸਾਂਝ ਨੂੰ ਤੋੜਨ ਲਈ ਆਰਥਿਕ ਰਾਹਤ ‘ਚ ਲਪੇਟ ਕੇ ਜਾਤ-ਪਾਤੀ ਟਕਰਾਅ ਬਣਾਉਣ ਦੀ ਚਾਲ ਨੂੰ ਖਦੇੜਨ ਵਿੱਚ ਵੱਡਾ ਹਿੱਸਾ ਪਾਵੇਗਾ।