ਅਸ਼ੋਕ ਵਰਮਾ
ਬਠਿੰਡਾ, 6 ਅਪਰੈਲ2021: ਕੇਂਦਰ ਸਰਕਾਰ ਵੱਲੋਂ ਚੁੱਪ ਚੁਪੀਤੇ ਵਧਾਏ ਨਰਮੇ ਦੇ ਬੀ ਟੀ ਬੀਜਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈਕੇ ਕਿਸਾਨ ਆਗੂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ ਅਤੇ ਕਰੋੜਾਂ ਰੁਪਇਆਂ ਦਾ ਵਾਧੂ ਬੋਝ ਪਾਉਣਾ ਕਰਾਰ ਦਿੱਤਾ ਹੈ। ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ( ਕਪਾਹ ਦੇ ਬੀਜ਼ ਦੀ ਵੱਧ ਤੋਂ ਵੱਧ ਕੀਮਤ ਕੰਟਰੋਲ, ਆਦੇਸ਼ 2015 ਤਹਿਤ ) ਨਰਮੇਂ ਦੇ ਬੀਟੀ ਬੀਜ਼ ਮੁੱਲ ’ਚ 37 ਰੁਪਏ ਪ੍ਰਤੀ ਪੈਕਟ ਵਾਧਾ ਕਰਕੇ 767 ਰੁਪਏ ਪ੍ਰਤੀ ਪੈਕਟ ਕਰ ਦਿੱਤਾ ਹੈ ਜੋ ਕਿ ਪਿਛਲੇ ਸਾਲ 730 ਰੂਪੈ ਪ੍ਰਤੀ ਪਕੈਟ ਨਿਰਧਾਰਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬੀਟੀ ਕਾਟਨ ਕੰਪਨੀਆਂ ਨੇ ਨਵੇਂ ਭਾਅ ਵਾਲੇ ਪੈਕਟਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਜਿਸ ਨਾਲ ਪੰਜਾਬ ਦੇ ਨਰਮਾ ਉਤਪਾਦਕ ਜਿਲੇ੍ਹ ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫਰੀਦਕੋਟ, ਮੋਗਾ, ਸੰਗਰੂਰ ਤੇ ਬਰਨਾਲਾ ਦੇ ਕਿਸਾਨਾਂ ਨੂੰ ਲਗਭਗ 14 ਕਰੋੜ ਰੁਪਏ ਦਾ ਆਰਥਿਕ ਘਾਟਾ ਝਲਣਾ ਪਵੇਗਾ, ਕਿੳਂਕਿ ਸਾਲ 2020 ’ਚ ਇੰਨ੍ਹਾਂ ਜਿਲਿ੍ਹਆਂ ਵਿੱਚ ( 5.01 ਲੱਖ ਹੈਕਟੇਅਰ ) 12.51 ਲੱਖ ਏਕੜ ਰਕਬੇ ’ਚ ਨਰਮੇ ਦੀ ਕਾਸ਼ਤ ਕੀਤੀ ਗਈ ਸੀ ਜਿਸ ਦੇ ਇਸ ਸਾਲ ਵੀ ਏਨੀ ਹੀ ਰਹਿਣ ਦੇ ਅਨੁਮਾਨ ਹਨ।
ਉਨ੍ਹਾ ਦੱਸਿਆ ਕਿ ਪੰਜਾਬ ਦਾ ਕਿਸਾਨ ਇਸ ਵਾਰ ਵੀ ਲਗਭਗ 38 ਲੱਖ ਪੈਕਟ ਦੀ ਖਰੀਦ ਕਰੇਗਾ, ਕਿਉਂਕਿ ਬੀਟੀ ਕਾਟਨ ਦੇ 3 ਪੈਕਟ ਪ੍ਰਤੀ ਏਕੜ ਦੀ ਜਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਆਏ ਦਿਨ ਖਾਦਾਂ, ਬੀਜ਼, ਡੀਜ਼ਲ, ਕੀਟਨਾਸ਼ਕਾਂ ਆਦਿ ਦੀਆਂ ਕੀਮਤਾਂ ’ਚ ਵਾਧਾ ਕਰ ਰਹੀ ਹੈ, ਉਸ ਹਿਸਾਬ ਨਾਲ ਨਰਮੇ ਦਾ ਘੱਟੋ ਘੱਟ ਸਮਰਥਨ ਮੁੱਲ ਦੀ 9 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੈਅ ਕਰਨਾ ਚਾਹੀਦਾ ਹੈ। ਸਰੂਪ ਸਿੱਧੂ ਨੇ ਕੇਂਦਰ ਸਰਕਾਰ ਤੋਂ ਇਹ ਵਾਧਾ ਫੌਰੀ ਤੌਰ ਤੇ ਵਾਪਿਸ ਲੈਣ ਅਤੇ ਕਰੋਨਾ ਕਾਰਨ ਕਿਸਾਨੀ ਤੇ ਬਣੇ ਆਰਥਿਕ ਸੰਕਟ ਨੂੰ ਦੇਖਦਿਆਂ ਸਮੱਚਾ ਬੀ ਟੀ ਬੀਜ ਰਿਆਇਤੀ ਦਰਾਂ ਤੇ ਮੁਹੱਈਆ ਕਰਵਾਉਣ ਦੀ ਮੰਗ ਕੀਂਤੀ ਹੈ।