ਪਰਵਿੰਦਰ ਸਿੰਘ ਕੰਧਾਰੀ
- ਵੱਧ ਤੋਂ ਵੱਧ ਟੈਸਟਿੰਗ ਅਤੇ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ
- ਜ਼ਿਲ੍ਹੇ ਵਿੱਚ 86 ਸਰਕਾਰੀ/ਨਿੱਜੀ ਵੈਕਸੀਨੇਸ਼ਨ ਸੈਂਟਰ ਸਥਾਪਿਤ,30000 ਦੇ ਕਰੀਬ ਵਿਅਕਤੀਆਂ ਨੇ ਲਗਵਾਈ ਵੈਕਸੀਨ
ਫ਼ਰੀਦਕੋਟ 8 ਅਪ੍ਰੈਲ 2021 - ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਬੀਤੀ ਸ਼ਾਮ ਆਪਣੇ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਦੇ ਰੂਬਰੂ ਹੋ ਕੇ ਕਰੋਨਾ ਸਬੰਧੀ ਤਾਜ਼ਾ ਸਥਿਤੀ, ਇਸ ਤੋਂ ਬਚਾਅ ਆਦਿ ਸਮੇਤ ਹੋਰ ਮੁੱਦਿਆਂ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 30 ਅਪ੍ਰੈਲ ਤੱਕ ਰਾਜਸੀ ਇਕੱਠ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਆਹ ਦਾ ਸਮਾਗਮ, ਭੋਗ ਆਦਿ ਤੇ ਵੀ ਇਕੱਠ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨਡੋਰ ਵਿੱਚ 50 ਅਤੇ ਆਊਟ ਡੋਰ ਵਿੱਚ 100 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਉਨ੍ਹਾਂ ਦੱਸਿਆ ਕਿ ਟੀਕਾਕਰਨ ਦੀ ਮੁਹਿੰਮ ਜ਼ੋਰਾਂ ਤੇ ਹੈ।
ਉਨ੍ਹਾਂ 45 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਹੀ ਕੋਰੋਨਾ ਤੋਂ ਬਚਾਅ ਲਈ ਇਕੋ ਇਕ ਤਰੀਕਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਦੁਕਾਨ ਦੇ ਬਾਹਰ ਸਰਕਲ ਲਗਾ ਕੇ ਰੱਖਿਆ ਜਾਵੇ ਤਾਂ ਜੋ ਸਮਾਜਿਕ ਦੂਰੀ ਬਣਾਈ ਜਾ ਸਕੇ ਅਤੇ ਗ੍ਰਾਹਕ ਵੀ ਦੁਕਾਨ ਦੇ ਅੰਦਰ ਆਉਣ ਸਮੇਂ ਫੇਸ ਮਾਸਕ ਲਗਾ ਕੇ ਆਉਣ। ਅਜਿਹੀਆਂ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉਨਾਂ ਦੱਸਿਆ ਕਿ ਜਿਲ੍ਹੇ ਦੇ 86 ਸਥਾਨਾਂ ਜਿਸ ਵਿੱਚ ਸਾਰੇ ਸਰਕਾਰੀ ਸਿਹਤ ਕੇਂਦਰ, ਡਿਸਪੈਂਸਰੀਆਂ, ਹਸਪਤਾਲ ਤੇ ਨਿੱਜੀ ਸਿਹਤ ਸੰਸਥਾਵਾਂ ਵਿਚ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰੀ ਸੈਂਟਰਾਂ ਵਿੱਚ ਵੈਕਸੀਨੇਸ਼ਨ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।ਹੁਣ ਤੱਕ ਫਰੀਦਕੋੋਟ ਜਿਲ੍ਹੇ ਵਿੱਚ 30000 ਦੇ ਕਰੀਬ ਵਿਅਕਤੀਆਂ ਦਾ ਕਰੋੋਨਾ ਬਿਮਾਰੀ ਤੋੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ ਹੈ।
ਟੀਕਾਕਰਨ ਮੁਹਿੰਮ ਦੇ ਨਾਲ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਜਿਵੇਂ ਇਕ ਦੂਜੇ ਤੋਂ ਸਮਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ਼-ਸਫ਼ਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਜ਼ਰੂਰੀ ਹੈ।
ਫਰੀਦਕੋਟ ਜਿਲ੍ਹੇ ਵਿੱਚ ਕਰੋਨਾ ਦੀ ਤਾਜ਼ਾ ਸਥਿਤੀ ਅਨੁਸਾਰ ਜ਼ਿਲ੍ਹੇ ਵਿਚ ਕਰੋਨਾ ਪਾਜਿਟਿਵ ਦੇ ਹੁਣ ਤੱਕ 5244 ਕੇਸ ਸਾਹਮਣੇ ਆਏ ਹਨ ਅਤੇ 4693 ਲੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ 86351 ਕਰੋਨਾ ਸੈਂਪਲ ਇਕਤਰ ਕੀਤੇ ਜਾ ਚੁੱਕੇ ਹਨ। ਜਦਕਿ ਜਿਲ੍ਹੇ ਵਿੱਚ ਹੁਣ ਕਰੋਨਾ ਦੇ 457 ਐਕਟਿਵ ਕੇਸ ਹਨ। ਇਸ ਲਈ ਸਾਵਧਾਨੀਆਂ ਵਰਤਣ ਵਿੱਚ ਢਿੱਲ ਨਾ ਕੀਤੀ ਜਾਵੇ, ਅਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਮੂੰਹ ਤੇ ਹਮੇਸ਼ਾ ਮਾਸਕ ਲਗਾ ਕੇ ਰੱਖੋਂ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੋ। ਇਸ ਸਬੰਧੀ ਅਣਗਹਿਲੀ ਸਾਡੇ ਲਈ ਘਾਤਕ ਹੋ ਸਕਦੀ ਹੈ।
ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਖੰਘ, ਜ਼ੁਕਾਮ ਬੁਖਾਰ ਆਦਿ ਦੇ ਲੱਛਣ ਦਿਸਣ ਤਾਂ ਤੁਰੰਤ ਇਸ ਦਾ ਨੇੜੇ ਦੇ ਫਲੂ ਕਾਰਨਰਾਂ ਵਿਖੇ ਸੈਂਪਲ ਦੇ ਕੇ ਟੈਸਟ ਕਰਵਾਓ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਦਾ ਖਾਤਮਾ ਕੀਤਾ ਜਾ ਸਕੇ। ਇਸ ਲਈ ਵੱਧ ਤੋਂ ਵੱਧ ਟੈਸਟਿੰਗ, ਵੈਕਸੀਨੇਸ਼ਨ ਕਰਵਾਉ। ਹੋਰ ਜ਼ਿਆਦਾ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋਲ ਫਰੀ ਹੈਲਪ ਲਾਈਨ ਨੰ: 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਮੇਰੀਆਂ ਇਨ੍ਹਾਂ ਅਪੀਲਾਂ ਤੇ ਅਮਲ ਕਰਕੇ ਸਾਰੇ ਜ਼ਿਲ੍ਹੇ ਅਤੇ ਰਾਜ ਨੂੰ ਕਰੋਨਾ ਮੁਕਤ ਕਰਨ ਵਿਚ ਸਹਿਯੋਗ ਦੇਵੋਗੇ।