ਰੂਪਨਗਰ ਸਰਕਾਰੀ ਕਾਲਜ ਵਿਖੇ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਸਬੰਧੀ ਵੈਬੀਨਾਰ
ਹਰੀਸ਼ ਕਾਲੜਾ
ਰੂਪਨਗਰ,21 ਜੁਲਾਈ 2021:ਸਥਾਨਿਕ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਸਬੰਧੀ ਵੇਬਿਨਾਰ ਦਾ ਆਯੋਜਨ ਕੀਤਾ ਗਿਆ। ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੇਬਿਨਾਰ ਵਿਚ ਐਮ.ਏ ਭਾਗ ਪਹਿਲਾ ਰਾਜਨੀਤੀ ਵਿਗਿਆਨ ਦੀ ਕਿਰਨਜੀਤ ਕੌਰ ਅਤੇ ਮਨੀਸ਼ਾ ਕੁਮਾਰੀ ਨੇ ਪਹਿਲਾ, ਬੀ.ਏ ਭਾਗ ਪਹਿਲਾ ਦੀ ਪਰਮੀਤ ਕੌਰ ਨੇ ਦੂਜਾ ਅਤੇ ਬੀ.ਏ ਭਾਗ ਪਹਿਲਾ ਦੇ ਧਰਮਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੇ ਬੋਲਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਦੇ ਭਾਗ ਤੀਜੇ ਵਿਚ ਆਰਟੀਕਲ 14 ਤੋਂ ਲੈ ਕੇ ਆਰਟੀਕਲ 32 ਤੱਕ ਛੇ ਤਰਾਂ ਦੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ। ਸੰਪਤੀ ਦਾ ਸੱਤਵਾਂ ਮੌਲਿਕ ਅਧਿਕਾਰ ਸੰਨ 1978 ਵਿਚ 44ਵੀਂ ਸੰਵਿਧਾਨਿਕ ਸੋਧ ਦੁਆਰਾ ਮੌਲਿਕ ਅਧਿਕਾਰਾਂ ਦੀ ਸੂਚੀ ਵਿਚੋਂ ਹਟਾ ਕੇ ਸਧਾਰਨ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ। ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ ਲੈ ਕੇ 18 ਤੱਕ, ਸੁਤੰਤਰਤਾ ਦਾ ਅਧਿਕਾਰ ਆਰਟੀਕਲ 19 ਤੋਂ ਲੈ ਕੇ 22 ਤੱਕ, ਸ਼ੋਸ਼ਣ ਵਿਰੁੱਧ ਅਧਿਕਾਰ ਆਰਟੀਕਲ 23 ਤੋਂ ਲੈ ਕੇ 24 ਤੱਕ, ਧਾਰਮਿਕ ਸੁਤੰਰਤਾ ਦਾ ਅਧਿਕਾਰ ਆਰਟੀਕਲ 25 ਤੋਂ ਲੈ ਕੇ 28 ਤੱਕ, ਵਿੱਦਿਅਕ ਅਤੇ ਸੱਭਿਆਚਾਰਿਕ ਅਧਿਕਾਰ ਆਰਟੀਕਲ 29 ਤੋਂ ਲੈ ਕੇ 30 ਤੱਕ, ਅਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆਰਟੀਕਲ 32 ਵਿਚ ਪ੍ਰਦਾਨ ਕੀਤਾ ਗਿਆ ਹੈ।
ਦਸੰਬਰ 2002 ਵਿਚ 86ਵੀਂ ਸੰਵਿਧਾਨਿਕ ਸੋਧ ਅਧੀਨ ਬੱਚਿਆਂ ਦੇ ਵਿੱਦਿਆ ਪ੍ਰਾਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ ਹੈ। ਮਾਣਯੋਗ ਸੁਪਰੀਮ ਕੌਰਟ ਨੇ 24 ਅਗਸਤ 2017 ਨੂੰ ਨਿੱਜਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਹੈ। ਮੌਜੂਦਾ ਸਮੇਂ ਇੰਟਰਨੈੱਟ ਦੀ ਉਪਲੱਬਧਤਾ, ਪੀਣ ਵਾਲੇ ਸਾਫ ਪਾਣੀ ਦੇ ਅਧਿਕਾਰ ਅਤੇ ਸਾਹ ਲੈਣ ਲਈ ਸ਼ੁੱਧ ਹਵਾ ਦੇ ਅਧਿਕਾਰ ਨੂੰ ਵੀ ਮੌਲਿਕ ਅਧਿਕਾਰਾਂ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸਮਲਿੰਗੀ ਅਤੇ ਆਦਿ ਵਾਸੀਆਂ ਲਈ ਵੀ ਮੌਲਿਕ ਅਧਿਕਾਰਾਂ ਦੀ ਮੰਗ ਹੋ ਰਹੀ ਹੈ। ਸੰਨ 1976 ਵਿਚ 42ਵੀਂ ਸੰਵਿਧਾਨਿਕ ਸੋਧ ਦੁਆਰਾ ਭਾਰਤੀ ਸੰਵਿਧਾਨ ਦੇ ਭਾਗ 'ਚੌਥੇ ਏ' ਦੇ ਵਿਚ 10 ਪ੍ਰਕਾਰ ਦੇ ਮੌਲਿਕ ਕਰਤੱਵ ਅੰਕਿਤ ਕੀਤੇ ਗਏ ਸਨ।
ਮੌਲਿਕ ਕਰਤੱਵ ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੀ ਪਾਲਣਾ ਕਰਨ, ਸੁਤੰਤਰਤਾ ਲਈ ਕੀਤੇ ਗਏ ਸੰਘਰਸ਼ ਨੂੰ ਉਤਸਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਕਰਨ, ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਮਰਥਨ ਕਰਨ, ਦੇਸ਼ ਦੀ ਰੱਖਿਆ ਕਰਨ, ਭਾਈਚਾਰੇ ਦੀ ਭਾਵਨਾ ਪੈਦਾ ਕਰਨ ਅਤੇ ਔਰਤਾਂ ਦਾ ਨਿਰਾਦਰ ਕਰਨ ਵਾਲੀਆਂ ਪ੍ਰਥਾਵਾਂ ਦਾ ਤਿਆਗ ਕਰਨ, ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਨੂੰ ਕਾਇਮ ਕਰਨ, ਜੰਗਲਾਂ ਅਤੇ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨ, ਵਿਗਿਆਨਿਕ ਸੁਭਾਅ ਰੱਖਣ, ਜਨਤਕ ਸੰਪਤੀ ਦੀ ਰੱਖਿਆ ਕਰਨ ਅਤੇ ਹਿੰਸਾ ਦਾ ਤਿਆਗ ਕਰਨ ਅਤੇ ਵਿਅਕਤੀਗਤ ਤੇ ਸਮੂਹਿਕ ਜੀਵਨ ਵਿਚ ਉਤੱਮਤਾ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਮਾਤਾ ਪਿਤਾ ਦੁਆਰਾ ਬੱਚਿਆ ਨੂੰ ਵਿੱਦਿਆ ਪ੍ਰਾਪਤੀ ਦੇ ਮੌਕੇ ਪ੍ਰਦਾਨ ਕਰਨ ਨੂੰ ਦਸੰਬਰ 2002 ਵਿਚ 11ਵਾਂ ਮੌਲਿਕ ਕਰਤੱਵ ਅੰਕਿਤ ਕੀਤਾ ਗਿਆ ਹੈ। ਇਹ ਵਰਨਣ ਯੋਗ ਹੈ ਕਿ ਲੋਕਾਂ ਦੁਆਰਾ ਮੌਲਿਕ ਅਧਿਕਾਰਾਂ ਉੱਤੇ ਵਿਸ਼ੇਸ਼ ਬਲ ਦਿੱਤਾ ਜਾਂਦਾ ਹੈ ਜਦੋਂ ਕਿ ਮੌਲਿਕ ਕਰਤੱਵਾਂ ਦੀ ਪਾਲਣਾ ਪ੍ਰਤੀ ਲਾਪਰਵਾਹੀ ਕੀਤੀ ਜਾਂਦੀ ਹੈ। ਮੌਲਿਕ ਕਰੱਤਵ ਸੰਵਿਧਾਨ ਦੇ ਸਰਵਉੱਚ ਆਦਰਸ਼ ਹਨ ਜਿਨ੍ਹਾਂ ਦੀ ਈਮਾਨਦਾਰੀ ਨਾਲ ਪਾਲਣਾ ਕਰਕੇ 67 ਫੀਸ਼ਦੀ ਮਤਦਾਨ ਅਤੇ 74.4 ਫੀਸ਼ਦੀ ਸਾਖਰਤਾ ਦੀ ਦਰ ਨੂੰ 100 ਫੀਸ਼ਦੀ ਤੱਕ ਵਧਾਇਆ ਜਾ ਸਕਦਾ ਹੈ। ਹਰੇਕ ਨਾਗਰਿਕ ਨੂੰ ਈਮਾਨਦਾਰੀ ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਪ੍ਰਾਪਤੀਆਂ ਦੇ ਉਚੇਰੇ ਪੱਧਰਾਂ ਵੱਲ ਵੱਧਦਾ ਰਹੇ।