ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਤੇ ਸੰਕੇਤਕ ਭਾਸ਼ਾ 'ਤੇ ਅਧਾਰਤ ਮੋਬਾਈਲ ਐਪ ਲਾਂਚ
ਜੀ ਐਸ ਪੰਨੂ
ਪਟਿਆਲਾ,23ਸਤੰਬਰ,2021 - ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਦੀ ਪੂਰਵ ਸੰਧਿਆ 'ਤੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਸੰਕੇਤਕ ਭਾਸ਼ਾ 'ਤੇ ਅਧਾਰਤ ਇੱਕ ਮੋਬਾਈਲ ਐਪ ਲਾਂਚ ਕੀਤੀ ਗਈ। ਏ.ਆਈ.ਐਸ.ਐਲ.(ਆਲ ਇਨ ਇੰਡੀਅਨ ਸਾਈਨ ਲੈਂਗੂਏਜ) ਨਾਮਕ ਐਪ ਨੂੰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਿਲੀਅਮਜੀਤ ਸਿੰਘ, ਅਮਨਦੀਪ ਸਿੰਘ ਅਤੇ ਸ਼੍ਰੀਮਤੀ ਅਦਿਤੀ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਹੈ।
ਡਾ. ਵਿਲੀਅਮਜੀਤ ਸਿੰਘ ਨੇ ਕਿਹਾ ਕਿ ਏ.ਆਈ.ਐਸ.ਐਲ ਦਾ ਉਦੇਸ਼ ਸੁਣਨ ਬੋਲਣ ਤੋਂ ਅਸਮਰੱਥ ਲੋਕਾਂ ਦੀ ਸਿੱਖਿਆ ਅਤੇ ਸਿਖਲਾਈ ਨੂੰ ਸੌਖਾ ਬਣਾਉਣਾ ਹੈ | ਐਪ ਦਾ ਸਿਰਜਣਾਤਮਕ ਇੰਟਰਫੇਸ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਨੂੰ ਭਾਰਤੀ ਸੰਕੇਤਕ ਭਾਸ਼ਾ ਨਾਲ ਜੋੜਦਾ ਹੈ |
ਐਪ ਬਾਰੇ ਡਾ. ਵਿਲੀਅਮਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਦੁਆਰਾ ਨਵੀਨਤਾਕਾਰੀ ਤਰੀਕੇ ਨਾਲ ਕੋਰਸ ਸਮੱਗਰੀ ਪ੍ਰਦਾਨ ਕੀਤੀ ਗਈ ਹੈ | ਇਸਦੇ ਨਾਲ ਹੀ ਇੱਕ ਸਾਂਝੇ ਪਲੇਟਫਾਰਮ ਉੱਤੇ ਸਿੱਖਣ ਅਤੇ ਜਾਂਚ ਕਰਨ ਦੀਆਂ ਦੋ ਵੱਖ ਵੱਖ ਚੋਣਾਂ ਦੀ ਵਿਵਸਥਾ ਵੀ ਦਿੱਤੀ ਹੈ | ਮੁਲਾਂਕਣ ਲਈ ਪ੍ਰਸ਼ਨਾਵਲੀ ਦੀ ਵਿਵਸਥਾ ਵੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਐਪ ਲੋਕਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਭਾਰਤੀ ਸੰਕੇਤਕ ਭਾਸ਼ਾ ਸਿੱਖਣ ਵਿੱਚ ਲਾਭ ਦੇਵੇਗੀ।
ਡਾ. ਸਿੰਘ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ ਦਾ ਉਨ੍ਹਾਂ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਰਮਨ ਮੈਣੀ ਅਤੇ ਕਰਨਲ ਕਰਮਿੰਦਰ ਸਿੰਘ, ਸਕੱਤਰ, ਸੁਸਾਇਟੀ ਫਾਰ ਵੈਲਫੇਅਰ ਆਫ਼ ਦਿ ਹੈਂਡੀਕੈਪਡਜ਼, ਪਟਿਆਲਾ ਨੇ ਵੀ ਸਮੁੱਚੇ ਕੰਮ ਦੀ ਸ਼ਲਾਘਾ ਕੀਤੀ ਅਤੇ ਟੀਮ ਨੂੰ ਭਵਿੱਖ ਵਿੱਚ ਵੀ ਅਜਿਹੇ ਹੋਰ ਐਪ ਅਧਾਰਤ ਹੱਲ ਤਿਆਰ ਕਰਨ ਲਈ ਪ੍ਰੇਰਿਤ ਕੀਤਾ।