ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਨੈਸ਼ਨਲ ਲੋਕ ਅਦਾਲਤ ਦਾ ਪ੍ਰੋਗਰਾਮ ਕਰਵਾਇਆ ਗਿਆ
- ਲੋਕ ਅਦਾਲਤ ਦੇ ਫੈਸਲੇ ਨਾਲ ਦੋਹਾਂ ਧਿਰਾਂ ਦੀ ਜਿੱਤ ਹੁੰਦੀ ਹੈ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 14 ਮਈ 2022 - ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤਜਿੰਦਰ ਸਿੰਘ ਢੀਂਡਸਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਸ੍ਰੀ ਅਰੁਣ ਗੁਪਤਾ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੀ ਯੋਗ ਅਗਵਾਈ ਹੇਠ ਅਤੇ ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਅਤੇ ਸਬ-ਤਹਿਸੀਲ ਜੈਤੋ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਲੋਕ ਅਦਾਲਤ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਹੈੱਡਕੁਆਟਰ, ਫਰੀਦਕੋਟ ਵਿਖੇ ਕੁੱਲ 08 ਬੈੱਚ ਬਣਾਏ ਗਏ ਅਤੇ ਸਬ-ਤਹਿਸੀਲ ਜੈਤੋ ਵਿਖੇ 01 ਬੈੱਚ ਬਣਾਇਆ ਗਿਆ। ਇਸ ਤਰ੍ਹਾ ਕੁੱਲ 737 ਲੰਭਿਤ ਕੇਸਾਂ ਅਤੇ ਪਰੀ ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤਰ੍ਹਾਂ ਕੁੱਲ 5,31,75,569/- ਰੁਪਏ ਦੇ ਅਵਾਰਡ ਪਾਸ ਕਰਕੇ ਜਨਤਾ ਨੂੰ ਲੋਕ ਅਦਾਲਤ ਦੁਆਰਾ ਰਾਜੀਨਾਮੇ ਰਾਹੀਂ ਫੈਸਲੇ ਦਿੱਤੇ ਗਏ।
ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਵੱਖ-ਵੱਖ ਬੈੱਚਾਂ ਤੇ ਸੁਣਵਾਈ ਦੌਰਾਨ ਕੁੱਝ ਕੇਸਾਂ ਦੀਆਂ ਪਾਰਟੀਆਂ ਨਾਲ ਆਪ ਗੱਲਬਾਤ ਕਰਕੇ ਸਬੰਧਤ ਪਾਰਟੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਵਾਇਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਪਾਰਟੀਆਂ ਨੂੰ ਸਮਝਾਇਆ ਕਿ ਲੋਕ ਅਦਾਲਤਾਂ ਵਿੱਚ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ। ਇਸ ਨਾਲ ਉਨ੍ਹਾ ਦਾ ਕੀਮਤੀ ਸਮਾਂ ਅਤੇ ਧਨ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾ ਦੱਸਿਆ ਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ। ਇਸ ਨੈਸ਼ਨਲ ਲੋਕ ਅਦਾਲਤ ਦੇ ਦੌਰਾਨ, ਇੱਕ ਕੇਸ ਜੋ ਕਿ ਸਾਲ 2011 ਤੋਂ ਪਤੀ-ਪਤਨੀ ਵਿੱਚ ਤਲਾਕ ਲੈਣ ਲਈ ਫੈਮਲੀ ਕੋਰਟ ਫਰੀਦਕੋਟ ਵਿੱਚ ਲੰਭਿਤ ਸੀ, ਦਾ ਨਿਪਟਾਰਾ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਰਾਜੀਨਾਮਾ ਕਰਵਾ ਕੇ ਖਤਮ ਕੀਤਾ ਗਿਆ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਵਿਚਕਾਰ ਦੋ ਹੋਰ ਲੰਭਿਤ ਕੇਸਾਂ ਦਾ ਵੀ ਨਿਪਟਾਰਾ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੀਤਾ ਗਿਆ।
ਇਸ ਤੋਂ ਇਲਾਵਾ ਇੱਕ ਹੋਰ ਵਿਵਾਹਿਕ ਜੋੜੇ ਜਿਹਨਾ ਦਾ ਕਿ ਸਾਲ 1994 ਤੋਂ ਆਪਸ ਵਿੱਚ ਝਗੜੇ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਕੇਸ ਜ਼ੋ ਕਿ ਸਾਲ 2019 ਤੋਂ ਫੈਮਿਲੀ ਕੋਰਟ ਫਰੀਦਕੋਟ ਵਿੱਚ ਲੰਭਿਤ ਸੀ, ਦਾ ਵੀ ਨਿਪਟਾਰਾ ਕਰਦੇ ਹੋਏ ਦੋਨੇ ਪਾਰਟੀਆਂ ਰਜਾਮੰਦੀ ਨਾਲ ਆਪਸ ਵਿੱਚ ਇਕੱਠੇ ਰਹਿਣ ਲਈ ਰਾਜੀ ਹੋ ਗਈਆਂ ਇਸ ਤਰ੍ਹਾਂ ਪਾਰਟੀਆਂ ਵਿੱਚ ਸਾਲ 1994 ਦੇ ਚੱਲ ਰਹੇ ਟਕਰਾਓ ਨੂੰ ਖਤਮ ਕੀਤਾ ਗਿਆ ਅਤੇ ਦੋਨਾ ਪਾਰਟੀਆਂ ਦੀ ਜਿੱਤ ਹੋਈ।