ਰੀਲਾਂ ਬਣਾ ਕੇ ਏਡਜ਼ ਪ੍ਰਤੀ ਜਾਗਰੂਕਤਾ ਲਿਆਉਣਗੇ ਨੌਜਵਾਨ : ਪ੍ਰੀਤ ਕੋਹਲੀ
- ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਮੱਦਦ ਨਾਲ ਕਰਵਾਇਆ ਜਾ ਰਿਹਾ ਰੀਲ ਮੇਕਿੰਗ ਮੁਕਾਬਲਾ
- 13 ਅਗਸਤ ਤੱਕ ਭੇਜੀਆਂ ਜਾ ਸਕਦੀਆਂ ਹਨ ਰੀਲਾਂ
ਹੁਸ਼ਿਆਰਪੁਰ, 7 ਅਗਸਤ 2024 - ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਮੱਦਦ ਨਾਲ ਕਾਲਜਾਂ ਵਿਚ ਰੈੱਡ ਰਿਬਨ ਕਲੱਬ ਚਲਾਏ ਜਾ ਰਹੇ ਹਨ। ਇਨ੍ਹਾਂ ਕਲੱਬਾਂ ਵਿਚ ਨੌਜਵਾਨ ਵਰਗ ਨੂੰ ਏਡਜ਼ ਜਾਗਰੂਕਤਾ, ਖ਼ੂਨਦਾਨ, ਨਸ਼ਾ ਵਿਰੋਧੀ ਮੁਹਿੰਮ ਅਤੇ ਟੀ.ਬੀ ਦੀ ਜਾਗਰੂਕਤਾ ਹਿੱਤ ਪ੍ਰੋਗਰਾਮ ਚਲਾਏ ਜਾਂਦੇ ਹਨ। ਇਸ ਜਾਗਰੂਕਤਾ ਨੂੰ ਚਲਾਉਣ ਲਈ ਵੱਖੋ-ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਨੌਜਵਾਨ ਵਰਗ ਨੂੰ ਐਚ.ਆਈ.ਵੀ ਏਡਜ਼, ਦੀ ਜਾਗਰੂਕਤਾ ਹਿੱਤ ਇਕ ਜ਼ਿਲ੍ਹਾ ਪੱਧਰ ਦਾ ਰੀਲ ਮੇਕਿੰਗ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ ਅਧੀਨ ਨੌਜਵਾਨਾਂ ਵੱਲੋਂ 30 ਸਕਿੰਟ ਤੋਂ 1 ਮਿੰਟ ਤੱਕ ਦੀ ਰੀਲ ਬਣਾ ਕੇ ਵਿਭਾਗ ਨੂੰ ਭੇਜੀ ਜਾਵੇਗੀ। ਇਹ ਰੀਲਾਂ 13 ਅਗਸਤ ਤੱਕ ਭੇਜੀਆਂ ਜਾ ਸਕਦੀਆਂ ਹਨ। ਫਿਰ ਇਨ੍ਹਾਂ ਰੀਲਾਂ ਦੀ ਜੱਜਮੈਂਟ ਉਪਰੰਤ 20 ਅਗਸਤ ਨੂੰ ਜ਼ਿਲ੍ਹਾ ਪੱਧਰ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿਚ ਪਹਿਲੇ,ਦੂਜੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ 4000, 3000 ਅਤੇ 2000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰੀਲ ਭੇਜਣ ਵਾਲੇ ਭਾਗੀਦਾਰ ਇਕ ਤੋਂ ਚਾਰ ਤੱਕ ਹੋ ਸਕਦੇ ਹਨ।
ਰੀਲ https://forms.gle/1eaqW3gKRBKmKm436 ਲਿੰਕ ‘ਤੇ ਭੇਜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੀਲਾਂ ਚਾਰ ਵਿਸ਼ਿਆਂ ‘ਤੇ ਭੇਜੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਐੱਚ.ਆਈ.ਵੀ ਏਡਜ਼ ਤੇ ਟੈਸਟਿੰਗ ਦੀਆਂ ਮੂਲ ਗੱਲਾਂ ਅਤੇ ਹੈਲਪਲਾਈਨ 1097 ਦਾ ਪ੍ਰਚਾਰ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਿਰਭਰਤਾ ਬਾਰੇ ਜਾਗਰੂਕਤਾ, ਸਟਿਗਮਾ ਤੇ ਭੇਦਭਾਵ ਅਤੇ ਐੱਚ.ਆਈ.ਵੀ ਏਡਜ਼ ਐਕਟ 2017 ਅਤੇ ਸਵੈਇੱਛਤ ਖ਼ੂਨਦਾਨ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਕ ਵਿਦਿਆਰਥੀ ਇਕ ਤੋਂ ਵੱਧ ਰੀਲਾਂ ਵੀ ਭੇਜ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੀਆਂ ਰੀਲਾਂ ਨੂੰ ਰਾਜ ਪੱਧਰੀ ਮੁਕਾਬਲੇ ਲਈ ਵੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਭਾਗੀਦਾਰ ਨੂੰ ਈ-ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 9815881016 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰੀਤ ਕੋਹਲੀ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਮੱਦਦ ਨਾਲ ਪੰਜਾਬ ਭਰ ਦੇ 700 ਦੇ ਕਰੀਬ ਕਾਲਜਾਂ ਵਿਚ ਰੈੱਡ ਰਿਬਨ ਕਲੱਬ ਬਣਾਏ ਗਏ ਹਨ ਜੋ ਕਿ ਲਗਾਤਾਰ ਜਾਗਰੂਕਤਾ ਫੈਲਾਅ ਰਹੇ ਹਨ ਅਤੇ ਨਾਲ ਦੀ ਨਾਲ ਪੰਜਾਬ ਵਿਚ ਖ਼ੂਨਦਾਨ ਰਾਹੀਂ ਮਾਨਵਤਾ ਦੀ ਸੇਵਾ ਵਿਚ ਹਿੱਸਾ ਪਾ ਰਹੇ ਹਨ।