ਅਸ਼ੋਕ ਵਰਮਾ
ਬਠਿੰਡਾ, 14 ਜਨਵਰੀ 2021 - ਸਿਹਤ ਵਿਭਾਗ ਵੱਲੋਂ ਕੋਵਿਡ-19 ਵਰਗੇ ਗੰਭੀਰ ਸੰਕਟ ਦੌਰਾਨ ਕਰੋਨਾ ਮਰੀਜਾਂ ਦੀ ਦੇਖਭਾਲ ਕਰਨ ’ਚ ਮੋਹਰੀ ਰਹਿਣ ਵਾਲੇ ਕਰੋਨਾ ਵਾਰੀਅਰਜ਼ ਦੇ ਬਾਈਕਾਟ ਦੌਰਾਨ ਸ਼ਨੀਵਾਰ ਤੋਂ ਸਿਹਤ ਵਿਭਾਗ ਬਠਿੰਡਾ ਨੇ ਕਰੋਨਾ ਵੈਕਸੀਨ ਦਾ ਟੀਕਾ ਲਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹਨਾਂ ਕਰੋਨਾ ਯੋਧਿਆਂ ਦਾ ਕਹਿਣਾ ਹੈ ਕਿ ਪਿਛਲੇ ਦਸ ਮਹੀਨਿਆਂ ਦੇ ਮੁਸ਼ਕਲਾਂ ਭਰੇ ਦੌਰ ਦੌਰਾਨ ਜਾਨ ਹੂਲਵੇਂ ਕੰਮ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਅੱਖੋਂ ਪਰੋਖੇ ਕੀਤਾ ਹੋਇਆ ਹੈ ਜਿਸ ਦੇ ਰੋਸ ਵਜੋਂ ਉਹ ਕਰੋਨਾ ਵੈਕਸੀਨੇਸ਼ਨ ਦਾ ਬਾਈਕਾਟ ਕਰ ਰਹੇ ਹਨ। ਸ਼ਨੀਵਾਰ ਨੂੰ ਪੂਰੇ ਮੁਲਕ ’ਚ ਇੱਕੋ ਦਿਨ ਕਰੋਨਾ ਟੀਕਾ ਲਾਉਣ ਦਾ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਓਧਰ ਇਸ ਮੁਸ਼ਕਲਾਂ ਭਰੇ ਵਕਤ ਨੂੰ ਪਿੱਛੇ ਛੱਡਦਿਆਂ ਕਰੋਨਾ ਵੈਕਸੀਨ ਦੀ ਖੇਪ ਭਾਰੀ ਸਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਪੁੱਜ ਗਈ ਹੈ। ਅੱਜ ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦੀ ਅਗਵਾਈ ਹੇਠ ਕਰੋਨਾ ਟੀਕਾਕਰਨ ਵਾਸਤੇ ਪ੍ਰਬੰਧਾਂ ਨੂੰ ਅੰਤਮ ਛੋਹਾਂ ਦੇਣ ’ਚ ਰੁੱਝੇ ਰਹੇ। ਜਿਲਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਸਿੰਗਲਾ ਦੀ ਦੇਖ ਰੇਖ ਹੇਠ ਕੋਰੋਨਾ ਟੀਕੇ ਫਰਿੱਜ ’ਚ ਰੱਖੇ ਹੋਏ ਹਨ ਜਿਹਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ ਜਦੋਂਕਿ ਪੁਲਿਸ ਪ੍ਰਬੰਧ ਇਸ ਤੋਂ ਵੱਖਰੇ ਹਨ। ਵੇਰਵਿਆਂ ਅਨੁਸਾਰ ਸਿਹਤ ਵਿਭਾਗ ਪੰਜਾਬ ਨੇ ਪਹਿਲੇ ਬੈਚ ’ਚ ਬਠਿੰਡਾ ਲਈ 12 ਹਜਾਰ 430 ਵੈਕਸੀਨ ਸ਼ੀਸ਼ੀਆਂ ਮੁਹੱਈਆ ਕਰਵਾਈਆਂ ਹਨ। ਸਿਹਤ ਵਿਭਾਗ ਨੇ ਬਠਿੰਡਾ ਵੱਲੋਂ ਜਿਲੇ ਨਾਲ ਸਬੰਧਤ 12156 ਵਿਅਕਤੀਆਂ ਦੀ ਚੋਣ ਕੀਤੀ ਗਈ ਹੈ।
ਬਠਿੰਡਾ ਜਿਲ੍ਹੇ ’ਚ ਹੁਣ ਤੱਕ 212 ਮੌਤਾਂ
ਬਠਿੰਡਾ ਜ਼ਿਲੇ ਅੰਦਰ ਹੁਣ ਤੱਕ ਕਰੋਨਾ ਵਾਇਰਸ ਦੀ ਮਾਰ ਹੇਠ ਆਕੇ 212 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਦੱਸਿਆ ਇਸ ਵੇਲੇ ਹਾਲ ਤੱਕ 127 ਐਕਟਿਵ ਕੇਸ ਹਨ। ਉਹਨਾਂ ਦੱਸਿਆ ਕਿ ਕੋਵਿਡ-19 ਤਹਿਤ 1ਲੱਖ36 ਹਜਾਰ 970 ਸੈਂਪਲ ਲਏ ਹਨ ਜਿਹਨਾਂ ਚੋਂ 9317 ਵਿਅਕਤੀ ਪਾਜੀਟਿਵ ਪਾਏ ਗਏ ਸਨ । ਇਹਨਾਂ ਚੋਂ 8048 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ।
ਅਸੀਂ ਵੈਕਸੀਨੇਸ਼ਨ ਲਈ ਤਿਆਰ:ਸਿਵਲ ਸਰਜਨ
ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ’ਚ ਕਰੋਨਾ ਸਬੰਧੀ ਵੈਕਸੀਨੇਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਹਨਾਂ ਦੱਸਿਆ ਕਿ ਪਹਿਲੇ ਗੇੜ ’ਚ ਕਰੋਨਾ ਯੋਧਿਆਂ ਦਾ ਟੀਕਾਕਰਨ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਆਗੂ ਇਸ ਸਬੰਧੀ ਆਪਣੀਆਂ ਮੰਗਾਂ ਵਾਲਾ ਮੰਗ ਪੱਤਰ ਦੇਕੇ ਗਏ ਹਨ। ਉਹਨਾਂ ਦੱਸਿਆ ਕਿ ਸਿਹਤ ਮੁਲਾਜਮਾਂ ਨੂੰ ਸਮਝਾ ਦਿੱਤਾ ਹੈ ਕਿ ਉਹ ਆਪਣੀ ਸਿਹਤ ਸਰੱਖਿਆ ਖਾਤਰ ਵੈਕਸੀਨੇਸ਼ਨ ਜਰੂਰ ਕਰਵਾਉਣ। ਉਹਨਾਂ ਕਿਹਾ ਕਿ ਟੀਕਾਕਰਨ ਤੇ ਮੰਗਾਂ ਦੋ ਵੱਖਰੇ ਵੱਖਰੇ ਮੁੱਦੇ ਹਨ ਜਿਸ ਬਾਰੇ ਉਹ ਮੁੱਖ ਦਫਤਰ ਨੂੰ ਜਾਣੂੰ ਕਰਵਾ ਦੇਣਗੇ। ਉਹਨਾਂ ਕਿਹਾ ਕਿ ਜੇ ਸਿਹਤ ਮੁਲਾਜਮ ਟੀਕਾ ਨਹੀਂ ਲੁਆਉਂਦੇ ਤਾਂ ਇਹ ਉਹਨਾਂ ਦੀ ਮਰਜੀ ਹੈ।
ਡਿਊਟੀ ਖਾਤਰ ਯੋਧੇ ਤੇ ਹੱਕਾਂ ਵੇਲੇ ਪਰਚੇ
ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗਗਨਦੀਪ ਸਿੰਘ ਦਾ ਕਹਿਣਾ ਸੀ ਕਿ ਜਦੋਂ ਕਰੋਨਾ ਵਾਇਰਸ ਕਾਰਨ ਲੋਕ ਘਰਾਂ ਤੋਂ ਬਾਹਰ ਆਉਣ ਤੋਂ ਡਰ ਰਹੇ ਸਨ ਤਾਂ ਸਿਹਤ ਵਿਭਾਗ ਦੇ ਮੁਲਾਜਮਾਂ ਨੇ ਆਪਣੀ ਡਿਊਟਂ ਪੂਰੀ ਤਨਦੇਹੀ ਨਾਲ ਨਿਭਾਈ ਸੀ। ਪੰਜਾਬ ਸਰਕਾਰ ਨੇ ਕੰਮ ਲੈਣ ਖਾਤਰ ਉਹਨਾਂ ਨੂੰ ਕਰੋਨਾਂ ਯੋਧਿਆਂ ਦਾ ਨਾਮ ਤਾਂ ਦੇ ਦਿੱਤਾ ਪਰ ਆਪਣੀਆਂ ਹੱਕੀ ਮੰਗਾਂ ਮੰਗਣ ਤੇ ਉਹਨਾਂ ਖਿਲਾਫ ਸਰਕਾਰ ਨੇ ਪੁਲਿਸ ਕੇਸ ਦਰਜ ਕਰਵਾ ਦਿੱਤੇ ਜੋਕਿ ਗੈਰਜਮਹੂਰੀ ਹੈ। ਉਹਨਾਂ ਆਖਿਆ ਕਿ ਅਸਲ ’ਚ ਸਿਹਤ ਮੁਲਾਜਮਾਂ ਦੇ ਟੀਕਾ ਲਾਕੇ ਵੈਕਸੀਨ ਦੀ ਟੈਸਟਿੰਗ ਕਰਨਾ ਚਾਹੁੰਦੀ ਹੈ ਜਿਸ ਨੂੰ ਉਹ ਪ੍ਰਵਾਨ ਨਹੀਂ ਕਰਨਗੇ। ਉਹਨਾਂ ਮੰਗ ਕੀਤੀ ਕਿ ਪਹਿਲਾਂ ਮੁੱਖ ਮੰਤਰੀ ਸਮੇਤ ਸਮੂਹ ਮੰਤਰੀਆਂ ਅਤੇ ਅਧਿਕਾਰੀਆਂ ਦੇ ਟੀਕੇ ਲਾਉਣ ਫਿਰ ਇਸ ਬਾਰੇ ਸੋਚਿਆ ਜਾਏਗਾ।
ਟੀਕਾਕਰਨ ਟੀਮਾਂ ਦਾ ਵਿਰੋਧ:ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕਰੋਨਾ ਦਾ ਡਰ ਦਿਖਾਕੇ ਆਮ ਲੋਕਾਂ ’ਚ ਦਹਿਸ਼ਤ ਦਾ ਮਹੌਲ ਬਣਾ ਰਹੀ ਹੈ। ਉਹਨਾਂ ਦੱਸਿਆ ਕਿ ਦਿੱਲੀ ਤਾਂ ਲੱਖਾਂ ਲੋਕ ਇਕੱਠੇ ਬੈਠਦੇ ਤੇ ਖੲਦੇ ਪੀਦੇ ਹਨ ਉੱਥੇ ਤਾਂ ਕਿਸੇ ਨੂੰ ਕਰੋਨਾ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸਭ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਚਾਲਾਂ ਹਨ ਜਿਹਨਾਂ ਨੂੰ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਦੇ ਮੁਲਾਜਮ ਟੀਕਾ ਲੁਆਉਣ ਦਾ ਵਿਰੋਧ ਕਰਨਗੇ ਤਾਂ ਜੱਥੇਬੰਦੀ ਉਹਨਾਂ ਦਾ ਸਾਥ ਦੇਵੇਗੀ।