ਹਰੀਸ਼ ਕਾਲੜਾ
ਰੂਪਨਗਰ, 19 ਜਨਵਰੀ 2021: ਨਿਸ਼ਾਨੇ ਤੇ ਨਜ਼ਰ ਅਤੇ ਸ਼ਖਤ ਮੇਹਨਤ ਨਾਲ ਕੋਈ ਵੀ ਮੰਜਲ ਪ੍ਰਾਪਤ ਕੀਤੀ ਜਾ ਸਕਦੀ ਹੈ। ਅਜਿਹਾ ਹੀ ਕਰ ਵਿਖਾਇਆ ਹੈ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਟਲਗੜ੍ਹ ਦੀ ਜੰਮਪਲ ਰਸ਼ਨਪ੍ਰੀਤ ਕੌਰ ਨੇ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਬਤੌਰ ਗੋਲਕੀਪਰ ਸ਼ਾਮਿਲ ਹੋਕੇ। ਇਹ ਮੁਕਾਮ ਪਾ ਕੇ ਉਹ ਆਪਣੇ ਪਰਿਵਾਰ, ਜ਼ਿਲ੍ਹੇ ਅਤੇ ਪੰਜਾਬ ਦਾ ਮਾਣ ਵਧਾ ਰਹੀ ਹੈ। ਅੱਜ ਕੱਲ ਉਹ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ 'ਚ 17 ਤੋਂ 24 ਜਨਵਰੀ ਤੱਕ ਚਿੱਲੀ 'ਚ ਹੋ ਰਹੇ ਟੈਸਟ ਮੈਚ ਖੇਡ ਰਹੀ ਹੈ। ਜਿਸ ਦੌਰਾਨ ਭਾਰਤੀ ਦੀ ਟੀਮ ਇਸ ਟੈਸਟ ਮੈਚਾਂ ਦੌਰਾਨ ਦੋ ਮੈਚ ਜਿੱਤ ਚੁੱਕੀ ਹੈ।
ਜੋ ਇਸ ਗੱਲ ਦਾ ਸਬੂਤ ਹੈ ਕਿ ਹਾਕੀ ਪੰਜਾਬ ਵਲੋਂ ਜਿੱਥੇ ਪਹਿਲਾ ਪੁਰਸ਼ਾਂ ਦੇ ਵਰਗ 'ਚ ਭਾਰਤੀ ਹਾਕੀ ਟੀਮ ਨੂੰ ਬਿਹਤਰੀਨ ਖਿਡਾਰੀ ਦਿੱਤੇ ਗਏ ਅਤੇ ਹੁੱਣ ਭਾਰਤੀ ਮਹਿਲਾ ਹਾਕੀ ਟੀਮਾਂ 'ਚ ਪੰਜਾਬ ਦੀਆਂ ਖਿਡਾਰਨਾਂ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਰਸ਼ਨਪ੍ਰੀਤ ਕੌਰ ਦੀ ਮਾਤਾ ਕਮਲਜੀਤ ਕੌਰ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਸਾਲ 2001 'ਚ ਜਨਮੀ ਉਸ ਦੀ ਬੇਟੀ ਨੇ ਰਸ਼ਨਪ੍ਰੀਤ ਕੌਰ ਨੇ ਨੈਸ਼ਨਲ ਪਬਲਿਕ ਸਕੂਲ ਕੁਰਾਲੀ 'ਚ ਪੜਾਈ ਦੌਰਾਨ 14 ਸਾਲ ਦੀ ਉਮਰ ਵਿੱਚ ਹਾਕੀ ਸਟਿਕ ਚੁੱਕੀ ਸੀ ਅਤੇ ਫਿਰ ਉਸ ਨੇ ਪਿੱਛੇ ਮੁੜਕੇ ਨਹੀਂ ਵੇਖਿਆ ਅਤੇ 9ਵੀਂ ਜਮਾਤ ਕਰਨ ਤੇ ਹੀ ਉਸ ਦੀ ਚੋਣ ਤਰਨਤਾਰਨ ਅਕੈਡਮੀ ਵਿਖੇ ਹੋ ਗਈ, ਜਿੱਥੇ ਉਸ ਨੂੰ ਕੌਮਾਂਤਰੀ ਪੱਧਰ ਤੇ ਖੇਡਣ ਦਾ ਮੌਕਾ ਮਿਲਿਆ।
ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਚੁੱਣੇ ਜਾਣ ਉਪਰੰਤ ਰਸ਼ਨਪ੍ਰੀਤ ਕੌਰ ਨੇ ਦਸੰਬਰ 2019 ਵਿੱਚ ਅਸਟਰੇਲੀਆ ਵਿਖੇ ਤਿੰਨ ਦੇਸ਼ਾਂ ਭਾਰਤ, ਅਸਟਰੇਲੀਆ ਅਤੇ ਨਿਊਜੀਲੈਦਰਮਿਆਨ ਹੋਏ ਮੁਕਾਬਲੇ 'ਚ ਜਿੱਤ ਪ੍ਰਾਪਤ ਕਰਕੇ ਆਪਣੇ ਇੰਨਰਨੈਸ਼ਨਲ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਜ਼ਿਕਰਯੋਗ ਹੈ ਕਿ ਰਸ਼ਨਪ੍ਰੀਤ ਨੇ ਫਰਵਰੀ 2018 ਦੌਰਾਨ ਖੇਲੋ ਇੰਡਿਆ 'ਚ ਵੀ ਆਪਣੇ ਖੇਡ ਦਾ ਵਧਿਆ ਪ੍ਰਦਰਸ਼ਨ ਕੀਤਾ ਸੀ। ਰਸ਼ਨਪ੍ਰੀਤ ਕੌਰ ਦੀ ਮਾਤਾ ਨੇ ਕਿਹਾ ਕਿ ਉਸ ਦੀ ਧੀ ਵਲੋਂ ਅੰਰਰਾਸ਼ਟਰੀ ਮੈਚ ਜਿੱਤਣ ਉਪਰੰਤ ਉਸ ਦਾ ਆਤਮਵਿਸ਼ਵਾਸ ਕਾਫ਼ੀ ਵਧਿਆ ਹੈ ਅਤੇ ਉਸ ਦਾ ਹੁਣ ਟੀਚਾ ਭਾਰਤੀ ਹਾਕੀ ਟੀਮ ਦਾ ਹਿੱਸਾ ਬਣਕੇ ਦੇਸ਼ ਲਈ 2024 ਵਿੱਚ ਓਲੰਪਿਕ ਖੇਡਣਾ ਹੈ। ਮਾਤਾ ਕਮਲਜੀਤ ਕੌਰ ਨੇ ਕਿਹਾ ਕਿ ਮੇਰੇ ਸਮੂਹ ਪਰਿਵਾਰ ਰਸ਼ਨਪ੍ਰੀਤ ਦੇ ਪਿਤਾ ਸਤਿੰਦਰ ਸਿੰਘ, ਨਾਨਾ ਸੁਰਿੰਦਰ ਸਿੰਘ, ਨਾਨੀ ਹਰਬੰਸ ਕੌਰ ਨੂੰ ਆਪਣੀ ਬੇਟੀ ਦੀ ਮੇਹਨਤ ਤੇ ਪ੍ਰਾਪਤੀ ਤੇ ਪੂਰਾ ਮਾਣ ਹੈ ਅਤੇ ਇੱਕ ਦਿਨ ਉਸ ਦੇਸ਼ ਦਾ ਮਾਣ ਬਣੇਗੀ।