ਅੰਮ੍ਰਿਤਸਰ, 24 ਜਨਵਰੀ 2021: ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਰਿਚਕੁਕ ਜੂਨੀਅਰ ਲੀਗ ਅੰਡਰ-16 ਕ੍ਰਿਕੇਟ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡੀ.ਸੀ. ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ. ਹਿਮਾਂਸ਼ੂ ਅਗਰਵਾਲ, ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੀਨੀਅਰ ਡਿਪਟੀ ਮੇਅਰ ਰਮਨ ਕੁਮਾਰ ਬਖਸ਼ੀ, ਉਪ ਪ੍ਰਧਾਨ ਵਿਜੈ ਢੀਂਗਰਾ, ਤਿਲਕ ਰਾਜ ਆਦਿ ਮੌਜੂਦ ਸਨ।
ਮੁੱਖ ਮਹਿਮਾਨ ਵਜੋਂ ਸਮਾਗਮ ’ਚ ਸ਼ਿਰਕਤ ਕਰਨ ਪਹੰੁਚੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਨੂੰ ਕ੍ਰਿਕਟ ਗਰਾਊਂਡ ਦੇ ਵਿਕਾਸ ਲਈ 1 ਕਰੋੜ ਰੁਪਏ ਦਾ ਵਿਕਾਸ ਫੰਡ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਵਿਚ 50 ਲੱਖ ਰੁਪਏ ਦਿੱਤਾ ਜਾਵੇਗਾ ਜਿਸ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਵੇਗੀ ਤੇ ਦੂਸਰੇ ਪੜਾਅ ਵਿਚ 50 ਲੱਖ ਰੁਪਏ ਫਿਰ ਦਿੱਤੇ ਜਾਣਗੇ। ਮੇਅਰ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੇਮਜ਼ ਐਸੋਸੀਏਸ਼ਨ ਵੱਲੋਂ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਬੇਹੱਦ ਸ਼ਲਾਘਾਯੋਗ ਯਤਨ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕ੍ਰਿਕੇਟ ਮੈਦਾਨ ਦੀ ਸਫਾਈ ਤੇ ਸੰਭਾਲ ਲਈ ਸਥਾਈ ਤੌਰ ਤੇ ਸਫਾਈ ਕਰਮਚਾਰੀਆਂ ਦੀ ਤੈਨਾਤੀ ਵੀ ਕਰੇਗਾ।
ਮੇਅਰ ਨੇ ਕਿਹਾ ਕਿ ਕ੍ਰਿਕੇਟ ਟੂਰਨਾਮੈਂਟ ਜਾਰੀ ਰਹਿਣ ਤੱਕ ਦੋ ਸਥਾਈ ਕਰਮਚਾਰੀ ਰੋਜ਼ਾਨਾ ਸਫਾਈ ਕਰਨਗੇ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕ੍ਰਿਕਟ ਟੂਰਨਾਮੈਂਟ ’ਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਖੇਡਾਂ ਦੇ ਨਾਲ ਨਾਲ ਸਮਾਜ ਤੇ ਲੋਕ ਭਲਾਈ ਦੇ ਕੰਮਾਂ ਲਈ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ਗੇਮਜ਼ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਸਨਮਾਨ ਚਿੰਨ੍ਹ ਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਕ੍ਰਿਕੇਟ ਕੁਮੈਂਟਰ ਵਿਵੇਕ ਕੁਮਾਰ, ਅਵਨੀਸ਼ ਕੁਮਾਰ, ਰਾਜਨ ਤ੍ਰਿਖਾ ਆਦਿ ਹਾਜ਼ਰ ਸਨ।