ਅਸ਼ੋਕ ਵਰਮਾ
ਬਠਿੰਡਾ,22 ਫਰਵਰੀ2021: ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਮਾਸਟਰ ਟਰੇਨਰ ਨਰੇਸ਼ ਪਠਾਣੀਆ ਵੱਲੋਂ 50 ਦੇ ਕਰੀਬ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹਾਦਸਿਆਂ ਦੌਰਾਨ ਫੱਟੜਾਂ ਦੀ ਮੱਦਦ ਲਈ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ। ਸਥਾਨਕ ਰੈਡ ਕਰਾਸ ਭਵਨ ਵਿਖੇ ਲਗਾਏ ਗਏ 8 ਦਿਨਾਂ ਫਸਟ ਏਡ ਟ੍ਰੇਨਿੰਗ ਕੋਰਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਇਹਨਾਂ ਨੌਜਵਾਨਾਂ ਨੂੰ ਫਸਟ ਏਡ ਦੇ ਗੁਰ ਦਿੱਤੇ ਗਏ। ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਫਸਟ ਏਡ ਦੀ ਮਹੱਤਤਾ, ਦਿਲ ਦੇ ਦੌਰਿਆਂ ਦੌਰਾਨ ਦਿੱਤੀ ਜਾਣ ਵਾਲੀ ਸੀਪੀਆਰ, ਨਕਸੀਰ ਫੁੱਟਣ, ਬੇਹੋਸ਼ ਹੋ ਜਾਣ, ਚਮੜੀ ਸੜ ਜਾਣ, ਵਗਦੇ ਖੂਨ ਨੂੰ ਰੋਕਣ, ਪੱਟੀਆਂ ਕਰਨ, ਸਨੇਕ ਬਾਈਟ, ਫਰੈਕਚਰ ਕੇਸਾਂ ਨੂੰ ਸੰਭਾਲਣ, ਫੱਟੜਾਂ ਨੂੰ ਐਂਬੂਲੈਂਸ ਗੱਡੀਆਂ ਵਿੱਚ ਲੋਡ ਕਰਨ ਹਿੱਤ ਸਟਰੇਚਰ ਡਰਿੱਲ ਦੀ ਟ੍ਰੇਨਿੰਗ ਕਰਵਾਈ।
ਨਰੇਸ਼ ਪਠਾਣੀਆ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਸੜਕੀ ਹਾਦਸਿਆਂ ਦੌਰਾਨ ਤੁਰੰਤ ਫਸਟ ਏਡ ਦੇਣ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਚੰਡੀਗੜ੍ਹ ਫਾਇਰ ਵਿਭਾਗ ਤੋਂ ਪਹੁੰਚੇ ਰੈਡ ਕਰਾਸ ਦੇ ਵਲੰਟੀਅਰ ਅਮਰਿੰਦਰ ਸਿੰਘ ਨੇ ਅੱਗ ਲੱਗਣ ਦੇ ਕਾਰਨਾ ਅਤੇ ਇਸ ਤੋਂ ਬਚਾਅ ਹਿੱਤ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਤੇਜ ਰਫਤਾਰ ਜੀਵਨ ਵਿੱਚ ਫਸਟ ਏਡ ਦਾ ਬਹੁਤ ਮਹੱਤਵ ਹੈ ਇਸ ਲਈ ਹਰੇਕ ਇਨਸਾਨ ਨੂੰ ਇਹ ਜੀਵਨ ਰੱਖਿਅਕ ਟ੍ਰੇਨਿੰਗ ਲੈਣੀ ਚਾਹੀਦੀ ਹੈ।