- ਦੋ ਮਹੀਨੇ ਬਾਅਦ ਵੀ ਨਾ ਡਾਕਟਰ ਆਏ, ਨਾ ਸੀਐਚਸੀ ਦਾ ਨਾਂਅ ਬਦਲਿਆ
- ਵਿਧਾਇਕ ਤੋਂ ਮੰਗ ਵਿਧਾਨਸਭਾ ਵਿੱਚ ਚੁੱਕਣ ਲੋਕ ਹਿੱਤ ਦਾ ਮੁੱਦਾ
ਜ਼ੀਰਕਪੁਰ 7 ਮਾਰਚ 2021 - ਪੰਜਾਬ ਸਰਕਾਰ ਵੱਲੋਂ ਜ਼ੀਰਕਪੁਰ ਵਿੱਚ ਸੌ ਬਿਸਤਰਿਆਂ ਦੇ ਹਸਪਤਾਲ ਦੀ ਉਸਾਰੀ ਦੇ ਐਲਾਨ ਦੇ ਦੋ ਮਹੀਨੇ ਬਾਅਦ ਵੀ ਹਾਲਾਤ ਵਿੱਚ ਕੋਈ ਬਦਲਾਅ ਨਹੀੰ ਹੋਇਆ ਹੈ। ਸੀਐਚਸੀ ਨੂੰ ਅਪਗ੍ਰੇਡ ਕਰਕੇ ਹਸਪਤਾਲ ਵਿੱਚ ਤਬਦੀਲ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕਾਂਗਰਸ ਕੌੰਸਲ ਚੋਣਾਂ ਵੀ ਜਿੱਤ ਚੁੱਕੀ ਹੈ, ਪ੍ਰੰਤੂ ਸੀਐਚਸੀ ਵੱਲ ਕਿਸੇ ਦਾ ਧਿਆਨ ਨਹੀਂ ਹੈ।
ਪੰਜਾਬ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਜੁਆਂਇਟ ਐਕਸ਼ਨ ਕਮੇਟੀ (ਜੈਕ) ਦੇ ਪ੍ਰਤੀਨਿੱਧਾਂ ਨੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਤੋਂ ਮੰਗ ਕੀਤੀ ਹੈ ਉਹ ਵਿਧਾਨਸਭਾ ਸੈਸ਼ਨ ਦੌਰਾਨ ਇਹ ਮੁੱਦਾ ਚੁੱਕਣ।
ਜੁਆਂਇਟ ਐਕਸ਼ਨ ਕਮੇਟੀ (ਜੈਕ) ਦੇ ਪ੍ਰਧਾਨ ਸੁਖਦੇਵ ਚੌਧਰੀ, ਜਰਨਲ ਸਕੱਤਰ ਐਡਵੋਕੇਟ ਵਿਨੇ ਕੁਮਾਰ, ਐਡਵੋਕੇਟ ਇੰਦਰ ਸੇਠੀ, ਆਰ ਰਵਿੰਦਰਨ, ਜੀਐਸ ਚੌਰਸੀਆ, ਤਰਸੇਮ ਗੁਪਤਾ, ਮਹੇਸ਼ ਗੋਇਲ, ਬੀਐਸ ਅਰੋੜਾ, ਰਾਜੀਵ ਕੁਮਾਰ, ਦਵਿੰਦਰ ਕੁਮਾਰ, ਰਮਨ ਖੋਸਲਾ, ਸੁਨੀਤਾ ਰਾਣੀ, ਮੁਨੀਸ਼ ਕੁਮਾਰ ਅਤੇ ਵਿਮਲਾ ਰਾਣੀ ਨੇ ਹਸਪਤਾਲ ਬਣਾਉਣ ਦੇ ਨਾਂ ਤੇ ਸ਼ਹਿਰ ਵਾਸੀਆਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉੰਦੇ ਹੋਏ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋੰ ਅਤੇ ਸਿਹਤ ਮੰਤਰੀ ਬਲਬੀਰ ਸਿਧੂ ਨੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਤਿੰਨ ਜਨਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਸੀਐਚਸੀ ਨੂੰ ਹਸਪਤਾਲ ਵਿੱਚ ਬਦਲਣ ਦਾ ਐਲਾਨ ਕੀਤਾ ਸੀ। ਜੈਕ ਵਲੋਂ ਇਹ ਮੁੱਦਾ ਲੰਮੇ ਸਮੇਂ ਤੋਂ ਚੁਕਿੱਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਜਨਵਰੀ ਨੂੰ ਲੰਮੇ ਚੌੜੇ ਐਲਾਨ ਕੀਤੇ ਗਏ ਸਨ। ਇਹ ਐਲਾਨ ਕਾਗਜੀ ਸਾਬਤ ਹੋਏ ਹਨ। ਦੋ ਮਹੀਨੇ ਦੌਰਾਨ ਇਥੇ ਡਾਕਟਰਾਂ ਦੀ ਤੈਨਾਤੀ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਵਲੋਂ ਸੀਐਚਸੀ ਦਾ ਬੋਰਡ ਤੱਕ ਨਹੀਂ ਬਦਲਿਆ ਗਿਆ ਹੈ। ਅੱਜ ਵੀ ਇਥੇ ਸੀਐਚਸੀ ਚਲ ਰਹੀ ਹੈ।
ਜੈਕ ਪ੍ਰਤੀਨਿੱਧਾਂ ਨੇ ਕਾਂਗਰਸ ਦੇ ਹਲਕਾ ਇੰਚਾਰਜ ਨੂੰ ਘੇਰਦੇ ਹੋਏ ਕਿਹਾ ਕਿ ਸੀਐਚਸੀ ਵਿੱਚ ਸਿਹਤ ਮੰਤਰੀ ਦੇ ਦੌਰੇ ਦੌਰਾਨ ਉਹ ਉਨ੍ਹਾਂ ਨਾਲ ਮੁਲਾਕਾਤ ਕਰਕੇ ਹਸਪਤਾਲ ਉਸਾਰੀ ਦਾ ਸਮਾਂ ਪੁੱਛਣਾ ਚਾਹੁੰਦੇ ਸਨ | ਪ੍ਰੰਤੂ ਢਿਲੋਂ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਜੈਕ ਨੂੰ ਉਦਘਾਟਨ ਦੇ ਸਮੇਂ ਜਿਸ ਘਟਨਾ ਦਾ ਖਦਸ਼ਾ ਸੀ ਉਹ ਅੱਜ ਸਹੀ ਸਾਬਤ ਹੋ ਰਿਹਾ ਹੈ। ਸਰਕਾਰ ਨੇ ਢਕੌਲੀ ਸੀਐਚਸੀ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੇਵਲ ਨਗਰ ਕੌਾਸਲ ਚੋਣਾਂ ਲਈ ਹੀ ਕੀਤਾ ਗਿਆ ਸੀ। ਲੋਕਾਂ ਦੀ ਸਮਸਿੱਆ ਅੱਜ ਵੀ ਪਹਿਲਾਂ ਵਾਂਗ ਹੈ। ਜੈਕ ਆਗੂਆਂ ਨੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੂੰ ਇਹ ਮੁੱਦਾ ਵਿਧਾਨਸਭਾ ਵਿੱਚ ਚੁਕੱਣ ਦੀ ਮੰਗ ਕਰਦੇ ਹੋਏ ਕਿਹਾ ਕਿ ਸਿਹਤ ਮੰਤਰੀ ਨੇ ਜੋ ਐਲਾਨ ਕੀਤੇ ਸਨ ਉਹ ਕਦੋਂ ਪੂਰੇ ਹੋਣਗੇ।