ਫੋਰਟਿਸ ਹਸਪਤਾਲ ਮੋਹਾਲੀ ਦੇ ਡਾ. ਵਿਸ਼ਾਲ ਗੌਤਮ ਨੇ ਕੀਤਾ ਸਫਲ ਅਪਰੇਸ਼ਨ
ਬਠਿੰਡਾ, 8 ਮਾਰਚ 2021 - ਫੋਰਟਿਸ ਹਸਪਤਾਲ ਮੋਹਾਲੀ ਦੇ ਹੱਡੀਆਂ ਅਤੇ ਜੋੜਾਂ ਬਾਰੇ ਵਿਭਾਗ ਦੇ ਕੰਸਲਟੈਂਟ ਡਾ. ਵਿਸ਼ਾਲ ਗੌਤਮ ਵੱਲੋਂ ਉਭਰਦੇ ਬਾਸਕਟਬਾਲ ਖਿਡਾਰੀ 16 ਸਾਲਾ ਅਕਾਸ਼ਦੀਪ ਸ਼ਰਮਾ ਦੇ ਗੁੱਟ (ਕਲਾਈ) ਦੀ ਹੱਡੀ ਦਾ ਸਫਲ ਅਪਰੇਸ਼ਨ ਕਰ ਕੇ ਖੇਡਾਂ ਦੇ ਖੇਤਰ ਵਿਚ ਉਸ ਦਾ ਭਵਿੱਖ ਬਚਾ ਲਿਆ ਹੈ।
ਡਾ. ਗੌਤਮ ਨੇ ਦੱਸਿਆ ਕਿ ਇਹ ਲੜਕਾ ਪਹਿਲਾ ਮੋਟਰ ਸਾਈਕਲ ਤੋਂ ਹੱਥ ਦੇ ਭਾਰ ਡਿਗਿਆ ਸੀ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ਫੂਸ਼ (68) ਕਿਹਾ ਜਾਂਦਾ ਹੈ। ਸ਼ੁਰੂ ਵਿਚ ਉਸ ਦੀ ਕਲਾਈ ਦੀ ਹੱਡੀ ਦੇ ਟੁੱਟਣ ਸਬੰਧੀ ਐਕਸਰੇ ਵਿਚ ਸਹੀ ਤਰੀਕੇ ਨਾਲ ਪਤਾ ਨਾ ਲੱਗਣ ਕਰ ਕੇ ਉਸ ਦਾ ਬਾਕਾਇਦਾ ਇਲਾਜ ਨਹੀਂ ਹੋ ਸਕਿਆ, ਕਿਉਂਕਿ ਕਲਾਈ ਵਿਚ ਲਗਾਤਾਰ ਦਰਦ ਅਤੇ ਸੋਜਿਸ਼ ਰਹਿੰਦੀ ਸੀ।
ਡਾ. ਗੌਤਮ ਨੇ ਦੱਸਿਆ ਕਿ ਇਸ ਖਿਡਾਰੀ ਨੂੰ ਹੋਰ ਡਾਕਟਰੀ ਸਲਾਹ ਮਸ਼ਵਰੇ ਲਈ ਫੋਰਟਿਸ ਹਸਪਤਾਲ ਲਿਆਂਦਾ ਗਿਆ, ਜਿੱਥੇ ਮਰੀਜ਼ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਹਨ, ਕਿਉਂਕਿ ਉਨਾਂ ਦਾ ਬੱਚਾ ਬਾਸਕਾਟਬਾਲ ਦਾ ਕੌਮੀ ਪੱਧਰ ਦਾ ਖਿਡਾਰੀ ਹੈ ਅਤੇ ਉਸ ਵਿਚ ਇਸ ਖੇਡ ਲਈ ਬਹੁਤ ਪ੍ਰਤਿਭਾ ਹੈ। ਉਨਾਂ ਦੱਸਿਆ ਕਿ ਫੋਰਟਿਸ ਹਸਪਤਾਲ ਵਿਚ ਇਸ ਖਿਡਾਰੀ ਦੇ ਗੁੱਟ ਦਾ ਦੁਬਾਰਾ ਐਕਸਰੇ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਗੁੱਟ ਦੀ ਇਕ ਹੱਡੀ ਟੁੱਟੀ ਹੋਈ ਹੈ, ਜਿਸ ਵਿਚ 3 ਐਮ ਐਮ ਦੀ ਵਿੱਥ (ਗੈਪ) ਪੈ ਚੁੱਕੀ ਹੈ। ਡਾ. ਗੌਤਮ ਨੇ ਦੱਸਿਆ ਕਿ ਮਰੀਜ਼ ਦੇ ਖੇਡ ਭਵਿੱਖ ਦਾ ਖਿਆਲ ਕਰਦਿਆਂ ਉਸ ਦੀ ਹੱਡੀ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ, ਕਿਉਂਕਿ ਉਹ ਪਿਛਲੇ 5 ਮਹੀਨਿਆਂ ਤੋਂ ਖੇਡ ਅਭਿਆਸ ਨਹੀਂ ਸੀ ਕਰ ਪਾ ਰਿਹਾ। ਉਸ ਦਾ ਅਪਰੇਸ਼ਨ ਕਰ ਕੇ ਟੁੱਟੀ ਹੱਡੀ ਨੂੰ ਜੋੜਿਆ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਹੱਡੀ ਜੁੜਨ ਵਿਚ ਪੂਰੇ 4 ਮਹੀਨੇ ਦਾ ਸਮਾਂ ਲੱਗਾ।
ਡਾ. ਗੌਤਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਸਕਟਬਾਲ ਖਿਡਾਰੀ ਦੇ ਪਿਤਾ ਨੇ ਉਨਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਤੋਂ ਬਾਅਦ ਉਨਾਂ ਦੇ ਪੁੱਤਰ ਆਕਾਸ਼ਦੀਪ ਨੇ ਕੌਮੀ ਪੱਧਰ ਤੇ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਉਸ ਦੇ ਪਿਤਾ ਨੇ ਬੱਚੇ ਦੀ ਇਸ ਪ੍ਰਾਪਤੀ ਲਈ ਫੋਰਟਿਸ ਹਸਪਤਾਲ ਦਾ ਸ਼ੁਕੀਆ ਅਦਾ ਕੀਤਾ।