ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਤਾ ਨੇ ਟੋਕਿਓ ਓਲੰਪਿਕ ਲਈ ਦਿੱਤੀਆਂ ਸ਼ੁੱਭ-ਕਾਮਨਾਵਾਂ ਅਤੇ ਅਸ਼ੀਰਵਾਦ
- ਭਾਰਤੀ ਹਾਕੀ ਟੀਮ ਗੋਲਡ ਮੈਡਲ ਲੈਕੇ ਆਵੇ, ਪੰਜਾਬੀਆਂ ਦੀਆਂ ਸੁੱਭ ਕਾਮਨਾਵਾਂ ਨਾਲ : ਮਨਜੀਤ ਕੋਰ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ
- ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਨੇ ਮਨਜੀਤ ਕੌਰ ਨੇ ਟੋਕਿਓ ਓਲੰਪਿਕ ਵਿਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਅਤੇ ਹੋਰਨਾਂ ਖਿਡਾਰੀਆਂ ਨੂੰ ਦਿੱਤਾ ਆਪਣਾਂ ਅਸ਼ੀਰਵਾਦ
ਜਲੰਧਰ, 23 ਜੁਲਾਈ 2021 - ਟੋਕੀਓ ਓਲੰਪਿਕ ਦੇ ਉਦਘਾਟਨ ਤੋਂ ਠੀਕ ਪਹਿਲਾਂ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਇਕ ਸੁਚੱਜੇ ਢੰਗ ਨਾਲ ਆਯੋਜਿਤ ਕੀਤੇ ਗਏ ਖੇਡ ਸਮਾਗਮ ਵਿੱਚ ਹਾਜਿਰ ਆਕੇ ਟੋਕੀਓ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਅਤੇ ਹੋਰਨਾਂ ਖਿਡਾਰੀਆਂ ਨੂੰ ਆਪਣਾਂ ਅਸ਼ੀਰਵਾਦ ਦੇਣ ਦੇ ਨਾਲ ਨਾਲ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ।
ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਇਕਬਾਲ ਸਿੰਘ ਸੰਧੂ ਤੇ ਚੀਫ਼ ਪੀ.ਆਰ.ਓ. ਸੁਰਿੰਦਰ ਸਿੰਘ ਭਾਪਾ ਨੇ ਸਾਂਝੇ ਤੌਰ ਉਪਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਥਾਨਕ ਵਿਖੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਭਾਰਤੀ ਹਾਕੀ ਟੀਮ ਦੇ ਟੋਕੀਓ ਓਲੰਪਿਕ ਵਿਚ ਵਧੀਆ ਪ੍ਰਦਰਸ਼ਨ ਲਈ ਸੁੱਭ ਕਾਮਨਾਵਾਂ ਲਈ ਰੱਖੇ ਵਿਸ਼ੇਸ਼ ਖੇਡ ਸਮਾਗਮ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਸੁਰਜੀਤ ਹਾਕੀ ਸੁਸਾਇਟੀ ਦੇ ਮੈਂਬਰਾਂ, ਸੁਰਜੀਤ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ, ਉਹਨਾਂ ਦੇ ਪੇਰੈਂਟਸ ਅਤੇ ਕੋਚਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਅੱਜ ਸੁਰਜੀਤ ਹਾਕੀ ਅਕੈਡਮੀ ਵਿੱਚ ਆਕੇ ਬਹੱਦ ਖੁਸ਼ੀ ਹੋਈ ਹੈ ਕਿਓਂਕਿ ਉਸ ਦਾ ਬੇਟਾ ਮਨਪ੍ਰੀਤ ਸਿੰਘ, ਇਸੇ ਹੀ ਸੁਰਜੀਤ ਹਾਕੀ ਅਕੈਡਮੀ ਵਿਚੋਂ ਹਾਕੀ ਸਿੱਖਕੇ ਅੱਜ ਟੋਕੀਓ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦੇ ਨਾਲ ਨਾਲ ਓਲੰਪਿਕ ਦਲ ਦਾ ਭਾਰਤੀ ਝੰਡਾ ਪਕੜ੍ਹ ਕੇ ਅਗਵਾਈ ਵੀ ਕਰ ਰਿਹਾ ਹੈ।
ਉਹਨਾਂ ਇਸ ਮੌਕੇ ਤੇ ਟੋਕੀਓ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਅਤੇ ਹੋਰਨਾਂ ਖਿਡਾਰੀਆਂ ਨੂੰ ਆਪਣਾਂ ਅਸ਼ੀਰਵਾਦ ਦੇਣ ਦੇ ਨਾਲ ਨਾਲ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ । ਇਸ ਮੌਕੇ ਉਪਰ ਉਹਨਾਂ ਵੱਲੋਂ ਖਿਡਾਰੀਆਂ ਨੂੰ ਆਪਣੇ ਵੱਲੋ 31 ਕਿੱਲੋ ਲੱਡੂ ਵੀ ਤਕਸੀਮ ਕੀਤੇ। ਇਸ ਤੋਂ ਪਹਿਲਾਂ ਖਿਡਾਰੀਆਂ ਨੇ ਹਾਕੀਆਂ ਅਤੇ ਤਿਰੰਗੇ ਝੰਡੇ ਲਹਿਰਾਕੇ, ਫੁੱਲਾਂ ਦੀ ਵਰਖਾ ਕਰਦੇ ਹੋਏ ਮਾਤਾ ਮਨਜੀਤ ਕੌਰ ਸ਼ਾਨਦਾਰ ਸਵਾਗਤ ਕੀਤਾ ਗਿਆ । ਬਾਦ ਵਿਚ ਸਮੂਹ ਖਿਡਾਰੀਆਂ ਅਤੇ ਮੁਖ ਮਹਿਮਾਨ ਮਨਜੀਤ ਕੌਰ ਨੇ ਕੇਕ ਕੱਟਕੇ ਓਲੰਪਿਕ ਵਿਚ ਭਾਰਤੀ ਹਾਕੀ ਦੇ ਵਧੀਆਂ ਪ੍ਰਦਰਸ਼ਨ ਦੀ ਕਾਮਨਾ ਵੀ ਕੀਤੀ ਗਈ । ਇਸੇ ਦੌਰਾਨ ਸੁਰਜੀਤ ਹਾਕੀ ਅਕੈਡਮੀ ਦੀ ਖਿਡਾਰਨ ਹਰਜੋਤ ਕੌਰ ਨੇ ਹਾਕੀ ਟੀਮ ਨੂੰ ਸ਼ੁੱਭ ਕਾਮਨਾਵਾਂ ਭਰਪੂਰ ਸ਼ਾਨਦਾਰ ਸਪੀਚ ਵੀ ਪੇਸ਼ ਕੀਤੀ ।
ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਪਾਲ ਸਿੰਘ ਖੈਰਾ ਤੇ ਅਮਰੀਕ ਸਿੰਘ ਪਵਾਰ, ਜਰਨਲ ਸਕੱਤਰ ਇਕਬਾਲ ਸਿੰਘ ਸੰਧੂ ਤੇ ਚੀਫ਼ ਪੀ.ਆਰ.ਓ. ਸੁਰਿੰਦਰ ਸਿੰਘ ਭਾਪਾ, ਪੰਜਾਬ ਦੇ ਚੀਫ਼ ਹਾਕੀ ਕੋਚ ਓਲੰਪੀਅਨ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ, ਜ਼ਿਲਾ ਖੇਡ ਅਫਸਰ ਜਲੰਧਰ ਉਮੇਸ਼ ਕੁਮਾਰ, ਕੋਚ ਦਵਿੰਦਰ ਸਿੰਘ, ਅਲਫਾ ਹਾਕੀ ਦੇ ਮਲਿਕ ਜਾਤਿਨ ਮਹਾਜਨ ਤੇ ਨਿਤਿਨ ਮਹਾਜਨ ਵਗੈਰਾ ਨੇ ਮੁੱਖ ਮਹਿਮਾਨ ਮਨਜੀਤ ਕੌਰ ਨੂੰ ਹਾਕੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।