ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਰੱਸੀ ਟੱਪਣ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਦਾ ਸਨਮਾਨ
- ਬਲਾਕ ਬਰਨਾਲਾ ਅਤੇ ਮਹਿਲ ਕਲਾਂ ਦੀਆਂ ਵਿਦਿਆਰਥਣਾਂ ਦੇ ਕਰਵਾਏ ਮੁਕਾਬਲੇ
ਬਰਨਾਲਾ, 23 ਜੁਲਾਈ 2021 - ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ 'ਚ ਮੋਹਰੀ ਬਣਾਉਣ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਕੁਲਵਿੰਦਰ ਸਿੰਘ ਸਰਾਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹਾ ਪ੍ਰਾਇਮਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਨਾਲ ਜੋੜੀ ਰੱਖਣ ਲਈ ਜਿਲਾ ਮੈਂਟਰ ਖੇਡਾਂ ਦੇ ਪ੍ਰਬੰਧਾਂ ਹੇਠ ਅਤੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਸਕੂਲ ਅਤੇ ਜੋਨ ਪੱਧਰੀ ਰੱਸੀ ਟੱਪਣ ਮੁਕਾਬਲੇ ਕਰਵਾਉਣ ਉਪਰੰਤ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਰੱਸੀ ਟੱਪਣ ਨਾਲ ਵਿਦਿਆਰਥਣਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਰੱਸੀ ਟੱਪਣ ਦਾ ਅਭਿਆਸ ਵਿਦਿਆਰਥਣਾਂ ਬੜੇ ਆਰਾਮ ਨਾਲ ਘਰਾਂ ਵਿੱਚ ਹੀ ਕਰ ਸਕਦੀਆਂ ਹਨ ਕਿਉਂ ਜੋ ਇਸ ਲਈ ਕਿਸੇ ਵਿਸ਼ੇਸ਼ ਖੇਡ ਮੈਦਾਨ ਜਾ ਖੇਡ ਸਮੱਗਰੀ ਦੀ ਜਰੂਰਤ ਨਹੀਂ ਹੁੰਦੀ।
ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਖੇਡਾਂ ਨੇ ਦੱਸਿਆ ਕਿ ਸੈਕੰਡਰੀ ਵਿੰਗ ਦੀ ਤਰਜ਼ 'ਤੇ ਹੀ ਸਮੂਹ ਪ੍ਰਾਇਮਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਰੱਸੀ ਟੱਪਣ ਮੁਕਾਬਲੇ ਕਰਵਾਏ ਗਏ ਹਨ।ਉਹਨਾਂ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮੁਕਾਬਲੇ ਵਿੱੱਚੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਪਹਿਲੇ ਸਥਾਨ 'ਤੇ ਰਹੀ,ਸਰਕਾਰੀ ਪ੍ਰਾਇਮਰੀ ਸਕੂਲ ਬਖਤਗੜ੍ਹ ਦੀ ਵਿਦਿਆਰਥਣ ਪ੍ਰਭਪ੍ਰੀਤ ਕੌਰ ਦੂਜੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀ।ਇਸੇ ਤਰ੍ਹਾਂ ਬਲਾਕ ਬਰਨਾਲਾ ਦੇ ਮੁਕਾਬਲਿਆਂ 'ਚੋਂ ਸ੍ਰੀ ਗੁਰੂ ਤੇਗ ਬਹਾਦਰ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੀ ਵਿਦਿਆਰਥਣ ਸੰਦੀਪ ਕੌੌੌਰ ਪਹਿਲੇ, ਸਰਕਾਰੀ
ਪ੍ਰਾਇਮਰੀ ਸਕੂਲ ਗਾਂਧੀ ਨਗਰ ਬਰਨਾਲਾ ਦੀ ਵਿਦਿਆਰਥਣ ਸੰਦੀਪ ਕੌਰ ਦੂਜੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਨਗਰ ਦੀ ਵਿਦਿਆਰਥਣ ਜੈਸਮੀਨ ਕੌਰ ਤੀਜੇ ਸਥਾਨ 'ਤੇ ਰਹੀ।ਬਲਾਕ ਪੱਧਰੀ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਿੱਖਿਆ ਅਧਿਕਾਰੀਆਂ ਵੱਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਮਨਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰਨਾਲਾ, ਗੁਰਗੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਹਿਲ ਕਲਾਂ, ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜੋ ਪੰਜਾਬ, ਪਰਮਜੀਤ ਕੌਰ ਬਲਾਕ ਮੈਂਟਰ ਖੇਡਾਂ ਅਤੇ ਰਜਿੰਦਰ ਸਿੰਘ ਆਦਿ ਹਾਜਰ ਸਨ।