ਗੁਰਮੀਤ ਸਿੰਘ ਬਰਾੜ 42ਵੀਂ ਮਾਸਟਰ ਅਥਲੈਟਿਕਸ ਮੀਟ 'ਚ ਚੈਂਪੀਅਨ ਬਣੇ
1500 ਮੀਟਰ, 5 ਅਤੇ 10 ਕਿਲੋਮੀਟਰ ਦੌੜਾਂ 'ਚ ਕੀਤਾ ਪਹਿਲਾ ਸਥਾਨ ਹਾਸਲ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 27 ਅਕਤੂਬਰ -ਫ਼ਰੀਦਕੋਟ ਦੇ ਉੱਘੇ ਸਮਾਜ-ਸੇਵੀ ਅਤੇ ਸਿਹਤ ਵਿਭਾਗ 'ਚ ਫ਼ਾਰਮੇਸੀ ਅਫ਼ਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੁਰਮੀਤ ਸਿੰਘ ਬਰਾੜ ਨੇ 42ਵੀਂ ਮਾਸਟਰ ਅਥਲੈਟਿਕਸ ਮੀਟ ਪੰਜਾਬ ਸਟੇਟ 2021 'ਚ ਮਸਤੂਆਣਾ ਸਾਹਿਬ ਵਿਖੇ 10 ਕਿਲੋਮੀਟਰ ਦੌੜ 44 ਮਿੰਟ, 56 ਸੈਕਿੰਡ, 5 ਕਿਲੋਮੀਟਰ ਦੌੜ 20 ਮਿੰਟ,12 ਸੈਕਿੰਡ 'ਚ ਅਤੇ 1500 ਮੀਟਰ ਦੌੜ 5 ਮਿੰਟ, 39 ਸੈਕਿੰਡ 'ਚ ਪੂਰੀ ਕਰਕੇ ਤਿੰਨਾਂ ਈਵੈਂਟਸ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਫ਼ਰੀਦਕੋਟ ਜ਼ਿਲੇ ਦਾ ਨਾਮ ਰੌਸ਼ਨ ਕੀਤਾ | ਇੱਥੇ ਜ਼ਿਕਰਯੋਗ ਹੈ ਕਿ ਇਸ ਪਹਿਲਾਂ ਗੁਰਮੀਤ ਸਿੰਘ ਬਰਾੜ ਨੇ ਕਨੇਡਾ ਵਿਖੇ 42 ਕਿਲੋਮੀਟਰ ਮੈਰਾਥਨ ਦੌੜ 14 ਘੰਟੇ 'ਚ ਪੂਰੀ ਕੀਤੀ | ਡੁਬਈ ਵਿਖੇ 21 ਕਿਲੋਮੀਟਰ ਮੈਰਾਥਨ 'ਚ ਭਾਰਤੀ ਖਿਡਾਰੀਆਂ 'ਚੋਂ ਦੂਜਾ ਸਥਾਨ ਹਾਸਲ ਕੀਤਾ | ਗੁੜਗਾਓ ਵਿਖੇ 50 ਕਿਲੋਮੀਟਰ, ਮੁਬੰਈ ਵਿਖੇ 42 ਕਿਲੋਮੀਟਰ ਮੈਰਾਥਨ 'ਚ ਸ਼ਮੂਲੀਅਤ ਕੀਤੀ ਹੈ | ਗੁਰਮੀਤ ਸਿੰਘ ਬਰਾੜ ਹੁਣ ਤੱਕ 35 ਤੋਂ ਵੱਧ ਮੈਰਾਥਨਾਂ 'ਚ ਭਾਗ ਲੈਂਦਿਆਂ ਵੱਖ-ਵੱਖ ਈਵੈਂਟਸ 'ਚ 32 ਮੈੱਡਲ ਜਿੱਤ ਚੁੱਕੇ ਹਨ | ਉਨ੍ਹਾਂ ਨੂੰ ਜਦੋਂ ਕੋਈ ਸੰਦੇਸ਼ ਦੇਣ ਬਾਰੇ ਪ੍ਰਸ਼ਨ ਪੁੱਛਿਆ ਤਾਂ ਉਨ੍ਹਾਂ ਕਿਹਾ ਸਾਡੀ ਸਿਹਤ ਸਾਡੀ ਸਭ ਤੋਂ ਵਧੀਆ ਪ੍ਰਾਪਰਟੀ ਹੈ | ਇਸ ਲਈ ਸਾਨੂੰ ਸਿਹਤ ਫ਼ਿੱਟ ਰੱਖਣੀ ਚਾਹੀਦੀ ਹੈ | ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤੰਦਰੁਸਤੀ ਵਾਸਤੇ ਕਿਸੇ ਵੀ ਖੇਡ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ |
ਗੁਰਮੀਤ ਸਿੰਘ ਬਰਾੜ ਨੂੰ ਹਾਲ ਹੀ ਤਿੰਨ ਈਵੈਂਟਸ 'ਚ ਮੈੱਡਲ ਜਿੱਤਣ ਤੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ,ਸਾਬਕਾ ਪ੍ਰਧਾਨ ਅਮਰੀਕ ਸਿੰਘ ਖਾਲਸਾ,ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ,ਲਾਇਨ ਲੀਡਰ ਗੁਰਮੇਲ ਸਿੰਘ ਜੱਸਲ,ਸਕੱਤਰ ਗਿਰੀਸ਼ ਸੁਖੀਜਾ,ਕੈਸ਼ੀਅਰ ਭੁਪਿੰਦਰਪਾਲ ਸਿੰਘ ਹੈੱਡ ਡਰਾਫ਼ਟਸਮੈੱਨ,ਪੀ.ਆਰ.ਓ.ਬਲਜਿੰਦਰ ਸਿੰਘ ਬਰਾੜ,ਐੱਮ.ਜੇ.ਐੱਫ਼.ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ,ਜਸਬੀਰ ਸਿੰਘ ਜੱਸੀ, ਰਾਜਨ ਨਾਗਪਾਲ, ਨਵਦੀਪ ਸਿੰਘ ਮੰਘੇੜਾ ਮੈਂਬਰਾਂ ਨੇ ਵਧਾਈ ਦਿੱਤੀ |