ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਨੂੰ ਦਿੱਤੀ ਫਸਟ ਏਡ ਦੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ,28 ਅਕਤੂਬਰ 2021: ਸਰਕਾਰੀ ਨਸ਼ਾ ਛੁਡਾਊ ਕੇਂਦਰ ਬਠਿੰਡਾ ਦੇ ਸਟਾਫ ਨੂੰ ਫਸਟ ਏਡ ਅਤੇ ਸੀਪੀਆਰ ਦੀ ਟ੍ਰੇਨਿੰਗ ਦੇਣ ਸੰਬੰਧੀ ਸਿਵਲ ਹਸਪਤਾਲ ਵਿਖੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਸ਼ਾਮਿਲ ਹੋਏ। ਸੇਂਟ ਜਾਨ ਕੇਂਦਰ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਸਟਾਫ ਨੂੰ ਫਸਟ ਏਡ ਦੀ ਮੁਢਲੀ ਜਾਣਕਾਰੀ ਦਿੱਤੀ।
ਸਿਵਲ ਹਸਪਤਾਲ ਬਠਿੰਡਾ ਵਿਖੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ.ਅਰੁਣ ਬਾਂਸਲ ਐੱਮਡੀ ਸਾਇਕੈਟਰੀ, ਐੱਮਓ ਡਾ.ਜਸਕਰਨ ਸਿੰਘ ਢਿੱਲੋਂ ਅਤੇ ਪ੍ਰੋਜੈਕਟ ਮੈਨੇਜਰ ਰੂਪ ਸਿੰਘ ਮਾਨ ਦੀ ਅਗੁਵਾਈ ਵਿੱਚ ਕਰਵਾਏ ਗਏ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਸਟਾਫ ਮੈਂਬਰਾਂ ਨੂੰ ਫਸਟ ਏਡ ਦੀ ਮਹੱਤਤਾ, ਫੱਟੜਾਂ ਨੂੰ ਸੰਭਾਲਣ, ਦਿਲ ਦੇ ਦੌਰਿਆਂ ਦੌਰਾਨ ਜ਼ਿੰਦਗੀ ਬਚਾਉਣ ਲਈ ਬਨਾਉਟੀ ਸਾਹ ਦੇਣ/ ਸੀਪੀਆਰ ਮੈਥਡਜ਼, ਰੇਬੀਜ਼, ਚੋਕਿੰਗ ਕੇਸਾਂ, ਮਿਰਗੀ ਦੌਰਿਆਂ, ਬੇਹੋਸ਼ੀ, ਸੜਣ ਅਤੇ ਝੁਲਸਣ ਦੇ ਕੇਸਾਂ ਆਦਿ ਮੌਕੇ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੇ ਢੰਗ ਤਰੀਕਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ ਗਈ।
ਉਹਨਾਂ ਕਿਹਾ ਕਿ ਹਾਦਸਿਆਂ ਦੌਰਾਨ ਪੀੜਤਾਂ ਦੀ ਜ਼ਿੰਦਗੀ ਬਚਾਉਣ ਵਿੱਚ ਪਲ ਪਲ ਸਹਾਈ ਹੁੰਦਾ ਹੈ। ਇਸ ਸਮੇਂ ਤੁਰੰਤ ਦਿੱਤੀ ਫਸਟ ਏਡ ਨਾਲ ਕਿਸੇ ਦਾ ਜੀਵਨ ਬਚਾਇਆ ਜਾ ਸਕਦਾ ਹੈ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਬਾਂਸਲ ਨੇ ਇਸ ਮੌਕੇ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਜ਼ਿਲ੍ਹੇ ਵਿੱਚ ਮਾਨਵਤਾ ਦੀ ਭਲਾਈ ਹਿੱਤ ਕਈ ਪ੍ਰੋਜੈਕਟ ਚਲਾ ਰਹੀ ਹੈ। ਹਰੇਕ ਨਾਗਰਿਕ ਸਮਾਜ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ।
ਉਹਨਾਂ ਇਸ ਮੌਕੇ ਨਸ਼ਾ ਛੁਡਾਊ ਕੇਂਦਰ ਲਈ ਰੈਡ ਕਰਾਸ ਸੁਸਾਇਟੀ ਵੱਲੋਂ ਦੋ ਵਹੀਲ ਚੇਅਰ ਵੀ ਪ੍ਰਦਾਨ ਕੀਤੀਆਂ। ਕੇਂਦਰ ਦੇ ਇੰਚਾਰਜ ਡਾ.ਅਰੁਣ ਬਾਂਸਲ ਅਤੇ ਮੈਨੇਜਰ ਰੂਪ ਸਿੰਘ ਮਾਨ ਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਫਸਟ ਏਡ ਦੀ ਜਾਣਕਾਰੀ ਦੇਣ ਅਤੇ ਕੇਂਦਰ ਨੂੰ ਵਹੀਲ ਚੇਅਰ ਪ੍ਰਦਾਨ ਕਰਨ ਲਈ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਫਸਟ ਏਡ ਦੀ ਇਹ ਜਾਣਕਾਰੀ ਸਟਾਫ ਮੈਂਬਰਾਂ ਲਈ ਕਾਫੀ ਲਾਹੇਵੰਦ ਹੋਵੇਗੀ ਅਤੇ ਉਹ ਮਰੀਜਾਂ ਦੀ ਬੇਹਤਰ ਢੰਗ ਨਾਲ ਮੱਦਦ ਕਰ ਸਕਣਗੇ।