ਕੋਰੋਨਾ ਵਾਇਰਸ ਦੀ ਸੰਭਾਵੀ ਲਹਿਰ ਤੋਂ ਬਚਾਅ ਲਈ ਟੀਕਾਕਰਨ ਬੇਹੱਦ ਜ਼ਰੂਰੀ : ਡਾ. ਸੰਜੇ ਕਪੂਰ
ਪਰਵਿੰਦਰ ਸਿੰਘ ਕੰਧਾਰੀ
- ਕਰੋਨਾ ਟੀਕਾਕਰਨ ਲਈ ਘਰ ਘਰ ਦਸਤਕ ਮੁਹਿੰਮ ਜਾਰੀ
ਫ਼ਰੀਦਕੋਟ, 3 ਦਸੰਬਰ 2021 - ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਪਿਛਲੇ ਸਮੇਂ ਦੋਰਾਨ ਕਹਿਰ ਢਾਇਆ ਹੈ , ਹੁਣ ਇਸ ਦੇ ਨਵੇਂ ਵੈਰੀਅਟ ਓਮੀਕਰੋਨ ਨੇ ਸਭ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਨੇ ਦੱਸਿਆ ਕਿ ਕਰੋਨਾ ਵਾਇਰਸ ਦਾ ਇਹ ਨਵਾਂ ਰੂਪ ਬਹੁਤ ਖ਼ਤਰਨਾਕ ਹੈ, ਅਤੇ ਸਾਨੂੰ ਸਭ ਨੂੰ ਇਸ ਤੋਂ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਹੱਲ ਕੋਵਿਡ ਟੀਕਾਕਰਨ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ 18 ਸਾਲ ਤੋਂ ਵੱਧ ਉਮਰ ਦੇ ਹਰ ਵਸਨੀਕ ਵਿਚ 100 ਪ੍ਰਤਿਸ਼ਤ ਯਕੀਨੀ ਬਣਾਇਆ ਜਾਵੇ।
ਉਨ੍ਹਾ ਦੱਸਿਆ ਕਿ ਇਸ ਖ਼ਤਰਨਾਕ ਨਵੇਂ ਵਾਇਰਸ ਤੋਂ ਬਚਾਓ ਲਈ ਸਿਹਤ ਵਿਭਾਗ ਵੱਲੋਂ ' ਹਰ ਘਰ ਦਸਤਕ ' ਮੁਹਿੰਮ ਤਹਿਤ ਘਰ ਘਰ ਜਾ ਕੇ ਟੀਕਾਕਰਨ ਤੋਂ ਰਹਿੰਦੇ ਨਿਵਾਸੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਮੌਕੇ ਤੇ ਹੀ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਮੀਨਾ ਕੁਮਾਰੀ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਹੇਠ ਜਿਲ੍ਹੇ ਅੰਦਰ ਕੋਰੋਨਾ ਟੀਕਾਕਰਨ ਨੂੰ 100 ਪ੍ਰਤੀਸ਼ਤ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਯੋਜਨਾ ਬਣਾਈ ਗਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਜਿਲ੍ਹੇ ਅੰਦਰ 18 ਸਾਲ ਤੋਂ ਉਪਰ ਦਾ ਕੋਈ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ। ਇੱਸ ਮੁਹਿੰਮ ਤਹਿਤ ਸਿਹਤ ਮੁਲਾਜਮਾਂ ਅਤੇ ਆਸ਼ਾ ਵਰਕਰ ਤੇ ਅਧਾਰਤ ਟੀਮਾਂ ਘਰ ਘਰ ਜਾ ਕੇ ਕੋਰੋਨਾ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਦੀਆਂ ਸੂਚੀਆਂ ਤਿਆਰ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰ ਕੇ ਟੀਕਾਕਰਨ ਕੇਂਦਰ ਲੈ ਕੇ ਆ ਰਹੀਆਂ ਹਨ। ਉਨ੍ਹਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾ ਲੋਕਾਂ ਨੇ ਅੱਜ ਤੱਕ ਕੋਰੋਨਾ ਟੀਕਾਕਰਨ ਨਹੀ ਕਰਵਾਇਆ ਜਾਂ ਜਿਨ੍ਹਾ ਦੀ ਦੂਜੀ ਖ਼ੁਰਾਕ ਰਹਿੰਦੀ ਹੈ ਤਾਂ ਉਹ ਇਸ ਮੁਹਿੰਮ ਅਧੀਨ ਆਪਣਾ ਟੀਕਾਕਰਨ ਜਰੂਰ ਕਰਵਾਉਣ।