ਵਤਨਦੀਪ ਨੇ ਕੌਮਾਂਤਰੀ ਘੋੜ ਸਵਾਰੀ ’ਚ ‘ਵਤਨ ਭਾਰਤ’ ਦਾ ਨਾਂ ਰੁਸ਼ਨਾਇਆ
ਅਸ਼ੋਕ ਵਰਮਾ
ਬਠਿੰਡਾ,3ਦਸੰਬਰ2021: ਬਠਿੰਡਾ ਜਿਲ੍ਹੇ ਦੇ ਪਿੰਡ ਘੁੰਮਣ ਕਲਾਂ ਦੇ ਨੌਜਵਾਨ ਵਤਨਦੀਪ ਸਿੰਘ ਨੇ ਕੈਨੇਡਾ ’ਚ ਰਹਿੰਦਿਆਂ ਕੌਮਾਂਤਰੀ ਘੋੜ ਸਵਾਰੀ ’ਚ ਆਪਣਾ ਨਾਮ ਦਰਜ ਕਰਵਾਕੇ ਆਪਣੇ ਵਤਨ ਭਾਰਤ ਖਾਸ ਤੌਰ ਤੇ ਪੰਜਾਬੀਆਂ ਦਾ ਮਾਣ ਵਧਾਇਆ ਅਤੇ ਮਾਪਿਆਂ ਦੇ ਚਿਹਰੇ ਤੇ ਖੁਸ਼ੀਆਂ ਝਲਕਾ ਦਿੱਤੀਆਂ ਹਨ। ਵਤਨਦੀਪ ਸਿੰਘ ਨਾਮਵਰ ਬਾਗਬਾਨ ਸੁਖਪਾਲ ਸਿੰਘ ਭੁੱਲਰ ਦਾ ਪੁੱਤਰ ਹੈ ਜਿਸ ਦੀ ਕੈਨੇਡਾ ਵੱਲੋਂ ਘੋੜ ਸਵਾਰੀ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਚੋਣ ਕੀਤੀ ਗਈ ਹੈ। ਪੁੱਤ ਦੀ ਇਸ ਸਫਲਤਾ ਨੂੰ ਦੇਖਦਿਆਂ ਸੁਖਪਾਲ ਭੁੱਲਰ ਨਾਂ ਕੇਵਲ ਫੁੱਲਿਆ ਹੀ ਨਹੀਂ ਸਮਾ ਰਿਹਾ ਬਲਕਿ ਪਿੰਡ ਵਾਸੀਆਂ,ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤਰਫੋਂ ਮਿਲ ਰਹੀਆਂ ਵਧਾਈਆਂ ਨੇ ਉਸ ਦੇ ਪੱਬ ਧਰਤੀ ਨਾਲੋਂ ਦੋ ਇੰਚ ਉੱਚੇ ਚੁੱਕ ਦਿੱਤੇ ਹਨ।
ਵਤਨਦੀਪ ਹੁਣ ਓਮਾਨ ਦੇ ਸ਼ਹਿਰ ਡੁੱਕਮ ’ਚ ਨੇਜੇਬਾਜੀ ਦੇ ਕੌਮਾਂਤਰੀ ਮੁਕਾਬਲਿਆਂ ਦੌਰਾਨ ਘੋੜ ਸਵਾਰੀ ਦੇ ਜੌਹਰ ਦਿਖਾਏਗਾ। ਭੁੱਲਰ ਆਖਦਾ ਹੈ ਕਿ ਪੁੱਤ ਦੀ ਸਫਲਤਾ ਦੀ ਉਸ ਨੂੰ ਬੇਅੰਤ ਖੁਸ਼ੀ ਹੈ ਅਤੇ ਪ੍ਰੀਵਾਰ ਦੇ ਸਾਰੇ ਮੈਂਬਰ ਪੁਰੳੀਮਦ ਹਨ ਕਿ ਵਤਨਦੀਪ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ। ਜਾਣਕਾਰੀ ਮੁਤਾਬਕ ਵਤਨਦੀਪ ਸਿੰਘ ਭੁੱਲਰ ਸਿਰਫ 10 ਸਾਲ ਦੀ ਹੀ ਸੀ ਕਿ ਉਸ ਨੇ ਘੋੜ ਸਵਾਰ ਦੀਆਂ ਬਾਰੀਕੀਆਂ ਨੂੰ ਨੇੜਿਓਂ ਸਿੱਖਣਾ ਸ਼ੁਬਰੂ ਕਰ ਦਿੱਤਾ ਸੀ। ਉਸ ਦੀ ਸਖਤ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਸੀ ਕਿ ਉਸਨੂੰ ਆਪਣੀ ਨਾਭਾ ਵਿਖੇ ਚੱਲ ਰਹੀ ਪੜ੍ਹਾਈ ਦੌਰਾਾਨ ਸਾਲ 2003 ’ਚ 12 ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਨਾਲ ਸਬੰਧਤ ਕੌਮੀ ਮੁਕਾਬਲਿਆਂ ’ਚ ਭਾਗ ਲੈਣ ਦਾ ਮਾਣ ਪ੍ਰਾਪਤ ਹੋਇਆ ਸੀ।
ਵਤਨਦੀਪ ਹੁਣ ਤੱਕ 80 ਦੇ ਕਰੀਬ ਕੌਮੀ ਪੱਧਰ ਦੇ ਪੁਰਸਕਾਰ ਅਤੇ ਟਰਾਫੀਆਂ ਹਾਸਲ ਕੀਤੀਆਂ ਹਨ। ਭਾਰਤ ’ਚ ਆਪਣੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਕੈਨੈੜਾਂ ਚਲਾ ਗਿਆ ਸੀ। ਹੁਣ ਉਹ ਕੌਮਾਂਤਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ 2021 ’ਚ ਕੈਨੇਡਾ ਦੀ ਨੁਮਾਇੰਦਗੀ ਕਰਨ ਲਈ ਓਮਾਨ ’ਚ ਗਿਆ ਹੋਇਆ ਹੈ। ਵਤਨਦੀਪ ਦਾ ਨਿਸ਼ਾਨਾ ਕੈਨੇਡਾ ਦੀ ਟੀਮ ਲੲਂ ਵਿਸ਼ਵ ਕੱਪ ’ਚ ਯੋਗਤਾ ਹਾਸਲ ਕਰਨਾ ਹੈ ਜਿਸ ਲਈ ਉਸ ਨੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਖਪਾਲ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਆਪਣੀ ਚੋਣ ਉਪਰੰਤ ਉਸ ਨੇ ਨਵੇਂ ਪੋਚ ਨੂੰ ਆਪਣੇ ਨਿਸ਼ਾਨੇ ਤੇ ਪੁੱਜਣ ਲਈ ਸਖਤ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ ਤਾਂ ਜੋ ਮਾਪਿਆਂ ਨੇ ਨਾਲ ਨਾਲ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਜਾ ਸਕੇ।