70ਵੀਂ ਸੀਨੀਅਰ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਵਾਸਤੇ ਪੰਜਾਬ ਦੀਆਂ ਮਰਦਾਂ ਅਤੇ ਇਸਤਰੀਆਂ ਦੀਆਂ ਟੀਮਾਂ ਦੇ ਚੋਣ ਟਰਾਇਲ 22 ਜਨਵਰੀ ਨੂੰ ਅੰਮ੍ਰਿਤਸਰ ਵਿਖੇ
- ਸੀਨੀਅਰ ਵਾਲੀਬਾਲ ਕੌਮੀ ਚੈਂਪੀਅਨਸ਼ਿਪ 7 ਤੋਂ 13 ਫਰਵਰੀ ਤੱਕ ਭੁਵਨੇਸ਼ਵਰ ਵਿਖੇ ਹੋਵੇਗੀ
ਲੁਧਿਆਣਾ 20 ਜਨਵਰੀ 2022 - 70ਵੀਂ ਕੌਮੀ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਜੋ 7 ਤੋਂ 13 ਫਰਵਰੀ 2022 ਤੱਕ ਭੁਵਨੇਸ਼ਵਰ ਵਿਖੇ ਹੋ ਰਹੀ ਹੈ ਉਸ ਵਾਸਤੇ ਪੰਜਾਬ ਦੀਆਂ ਮਰਦਾਂ ਅਤੇ ਇਸਤਰੀਆਂ ਦੀਆਂ ਟੀਮਾਂ ਦੇ ਚੋਣ ਟਰਾਇਲ ਭਲਕੇ 22 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਣਗੇ ।
ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਅਤੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਗ ਲੈਣ ਦੇ ਚਾਹਵਾਨ ਖਿਡਾਰੀ ਮਰਦਾਂ ਅਤੇ ਇਸਤਰੀਆਂ ਦੇ ਵਰਗ ਵਿਚ 22 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਸਵੇਰੇ 11:30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਪਣੀ ਪਹੁੰਚ ਰਿਪੋਰਟ ਕਰਨ।
ਇਸ ਕੌਮੀ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਇਹ ਇਸ ਵਰ੍ਹੇ ਹੋਣ ਵਾਲੀਆਂ ਏਸ਼ੀਅਨ ਖੇਡਾਂ 2022 ਵਾਸਤੇ ਭਾਰਤ ਦੀਆਂ ਮਰਦਾਂ ਅਤੇ ਇਸਤਰੀਆਂ ਦੀਆਂ ਵਾਲੀਬਾਲ ਟੀਮਾਂ ਦੀ ਚੋਣ ਕੀਤੀ ਜਾਵੇਗੀ । ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਮੂਹ ਵਾਲੀਬਾਲ ਖਿਡਾਰੀਆਂ ਨੂੰ ਇਨ੍ਹਾਂ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਲਈ ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਚੌਣ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਮੇਂ ਸਿਰ ਪ੍ਰਬੰਧਕਾਂ ਕੋਲ ਆਪਣੀ ਪਹੁੰਚ ਰਿਪੋਰਟ ਕਰਨ ।