ਬਾਬਾ ਫਰੀਦ ਫੁੱਟਬਾਲ ਕਲੱਬ ਦਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸ਼ਾਨਦਾਰ ਉਪਰਾਲਾ : ਡਾ. ਢਿੱਲੋਂ
- ਡਾ. ਮਨਜੀਤ ਸਿੰਘ ਢਿੱਲੋਂ ਵੱਲੋਂ ਕਲੱਬ ਨੂੰ 11 ਹਜਾਰ ਰੁਪਏ ਦੀ ਨਗਦ ਰਾਸ਼ੀ ਭੇਂਟ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 22 ਸਤੰਬਰ - ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਖੁਸ਼ੀ ਵਿੱਚ ਬਾਬਾ ਫਰੀਦ ਫੁੱਟਬਾਲ ਕਲੱਬ ਵਲੋਂ ਕਰਵਾਏ ਗਏ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਦੇ ਅਖੀਰਲੇ ਦਿਨ ਬਤੌਰ ਮੁੱਖ ਮਹਿਮਾਨ ਪੁੱਜੇ ਡਾ. ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਨੇ ਜਿੱਥੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ, ਉਹਨਾਂ ਅੰਦਰ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਈ ਨੁਕਤੇ ਸਾਂਝੇ ਕੀਤੇ, ਖਿਡਾਰੀਆਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉੱਥੇ ਕਲੱਬ ਨੂੰ 11,000 ਰੁਪਏ ਨਗਦ ਰਾਸ਼ੀ ਦੇ ਕੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ ।ਕਲੱਬ ਦੇ ਪ੍ਰਧਾਨ ਤਾਰਾ ਚੰਦ ਨੇ ਦੱਸਿਆ ਕਿ ਪਹਿਲਾਂ ਡਾ. ਢਿੱਲੋਂ ਦਾ ਹਾਰ ਪਾ ਕੇ ਸ਼ਾਨਦਾਰ ਸੁਆਗਤ ਕੀਤਾ ਗਿਆ ਤੇ ਬਾਅਦ ਵਿੱਚ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਡਾ. ਢਿੱਲੋਂ ਸਮੇਤ ਉਹਨਾਂ ਦੇ ਸਾਥੀਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਗੁਰਦੀਪ ਸਿੰਘ ਮੈਨੇਜਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ।
ਆਪਣੇ ਸੰਬੋਧਨ ਦੌਰਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਫੁੱਟਬਾਲ ਵਰਗੀ ਜੋਸ਼ਵਰਧਕ ਖੇਡ ਨਾਲ ਇੱਕ ਖਿਡਾਰੀ ਨੂੰ ਨਰੋਆ ਸਰੀਰ ਮਿਲਦਾ ਹੈ ਅਤੇ ਉਹ ਦਾ ਸਰਵਪੱਖੀ ਵਿਕਾਸ ਵੀ ਹੁੰਦਾ ਹੈ । ਅੰਤ 'ਚ ਉਹਨਾਂ ਇਸ ਮੈਚ 'ਚ ਭਾਗ ਲੈਣ ਵਾਲੇ ਸਾਰੇ ਹੀ ਖਿਡਾਰੀਆਂ ਨੂੰ ਫਰੀਦ ਨਗਰੀ ਵਿਖੇ ਜੀ ਆਇਆਂ ਆਖਦਿਆਂ ਖੇਡਾਂ 'ਚ ਉੱਚਾ ਨਾਮ ਕਮਾਉਣ ਦੀ ਆਸ ਪ੍ਰਗਟਾਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਾਮ ਸੁੰਦਰ, ਮਨਦੀਪ ਸਿੰਘ, ਸੁਰਵਿੰਦਰ ਧੀਂਗੜਾ, ਜਸਕਰਨ ਸਿੰਘ ਅਤੇ ਰਾਕੇਸ਼ ਕੁਮਾਰ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ ।