”ਖੇਡਾਂ ਵਤਨ ਪੰਜਾਬ ਦੀਆਂ“: ਪੰਜਾਬ ਦੀਆਂ ਰਵਾਇਤੀ ਖੇਡਾਂ ਦੀ ਅਮੀਰ ਵਿਰਾਸਤ ਵਿਚੋਂ ਮੋਹਰੀ ਖੇਡ ਹੈ ਗੱਤਕਾ
- ਮਾਰਸਲ ਆਰਟ ਗੱਤਕਾ ਖੇਲੋ ਇੰਡੀਆ ਯੁਵਾ ਖੇਡਾਂ ਦਾ ਹਿੱਸਾ ਬਣਿਆਂ : ਪਰਦੀਪ ਸਿੰਘ ਗਰੇਵਾਲ
- ਨਗਰ ਕੀਰਤਨ ਦੌਰਾਨ ਖੁੱਲ੍ਹਾ ਖੇਡਿਆ ਜਾਂਦਾ ਗੱਤਕਾ ਹੁਣ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਸ਼ਾਮਲ
- ਗਰੇਡੇਸ਼ਨ ਸੂਚੀ ਵਿੱਚ ਸ਼ਾਮਲ ਹੋਣ ਕਰਕੇ ਗੱਤਕਾ ਖਿਡਾਰੀਆਂ ਨੂੰ ਵੀ ਦਾਖ਼ਲੇ ਅਤੇ ਨੌਕਰੀਆਂ ਵਿੱਚ ਭਰਤੀ ਸਮੇਂ ਮਿਲਦਾ ਹੈ 3 ਫ਼ੀਸਦੀ ਰਾਖਵਾਂਕਰਨ : ਪਰਦੀਪ ਸਿੰਘ ਗਰੇਵਾਲ
- ਖੇਡਾਂ ਵਤਨ ਪੰਜਾਬ ਦੀਆਂ ਵਿਚ ਗੱਤਕਾ ਐਸੋਸੀਏਸ਼ਨ ਪੰਜਾਬ ਦਾ ਅਹਿਮ ਯੋਗਦਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 25 ਸਤੰਬਰ :2022 - ”ਖੇਡਾਂ ਵਤਨ ਪੰਜਾਬ ਦੀਆਂ“ ਵਿੱਚ ਗੱਤਕਾ ਐਸੋਸੀਏਸ਼ਨ ਪੰਜਾਬ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ ਅਤੇ ਵੱਖ ਵੱਖ ਜਿਲਿਆਂ ਵਿੱਚ ਗੱਤਕਾ ਐਸੋਸੀਏਸ਼ਨ ਦੇ ਰੈਫਰੀ ਟੂਰਨਾਮੈਂਟਾਂ ਦੌਰਾਨ ਤਨਦੇਹੀ ਨਾਲ ਡਿਊਟੀਆਂ ਨਿਭਾਅ ਰਹੇ ਹਨ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ (ਰਜਿ) ਦੇ ਪ੍ਰਧਾਨ ਸ੍ਰੀ ਪਰਦੀਪ ਸਿੰਘ ਗਰੇਵਾਲ ਨੇ ਦਿੱਤੀ ।
ਉਨਾਂ ਕਿਹਾ ਕਿ ਗੱਤਕਾ ਕਲਾ ਪੰਜਾਬ ਦੀ ਵਿਲੱਖਣ ਖੇਡ ਹੈ, ਜਿਸ ਨੂੰ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਹੈ। ਉਨਾਂ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਗੱਤਕਾ ਖੇਡ ਨੂੰ ਮਾਨਤਾ ਦਿਵਾਈ ਗਈ ਅਤੇ ਗਰੇਡੇਸ਼ਨ ਸੂਚੀ ਵਿਚ ਵੀ ਸ਼ਾਮਲ ਕਰਵਾਇਆ ਗਿਆ। ਇਸ ਤੋਂ ਇਲਾਵਾ ਨੈਸ਼ਨਲ ਪੱਧਰ ਤੇ ਸਕੂਲਾਂ, ਕਾਲਜਾਂ ਅਤੇ ਆਲ ਇੰਡੀਆ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਵੀ ਸ਼ਾਮਲ ਕਰਵਾਇਆ ਹੈ। ਇਸ ਤੋਂ ਇਲਾਵਾ ਸ. ਗਰੇਵਾਲ ਦੀ ਮਿਹਨਤ ਸਦਕਾ ਮਾਰਸ਼ਲ ਆਰਟ ਗੱਤਕਾ ਖੇਲੋ ਇੰਡੀਆ ਯੁਵਾ ਖੇਡਾਂ ਦਾ ਵੀ ਹਿੱਸਾ ਬਣ ਚੁੱਕਾ ਹੈ।
ਜਿਲਾ ਪ੍ਰਧਾਨ ਨੇ ਦੱਸਿਆ ਕਿ ਇਸ ਖੇਡ ਨੂੰ ਕੌਮੀ ਪੱਧਰ ਉਤੇ ਹੋਰ ਪ੍ਰਫੁੱਲਿਤ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਵਦੇਸ਼ੀ ਖੇਡਾਂ ਦੀ ਇੱਕ ਅਮੀਰ ਵਿਰਾਸਤ ਹੈ ਅਤੇ ਇਨ੍ਹਾਂ ਖੇਡਾਂ ਨੂੰ ਸੁਰੱਖਿਅਤ ਕਰਨਾ,ਪ੍ਰੋਤਸਾਹਨ ਦੇਣਾ ਅਤੇ ਲੋਕਪ੍ਰਿਯ ਬਣਾਉਣਾ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਪਣੇ ਅਮੀਰ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾ ਸਕੀਏ।
ਸਵੈ-ਰੱਖਿਆ ਲਈ ਵਿਕਸਿਤ ਹੋਈ ਇਸ ਵਿਰਾਸਤੀ ਕਲਾ ਨੂੰ ਮੁਕਾਬਲੇ ਵਾਲੀ ਖੇਡ ਬਣਾਉਣ ਦੇ ਅਮਲ ਵਿੱਚ ਕੁੱਝ ਤਬਦੀਲੀਆਂ ਵੀ ਆਈਆਂ ਹਨ ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ ਕਿਉਂਕਿ ਪਹਿਲਾਂ ਨਗਰ ਕੀਰਤਨ ਦੌਰਾਨ ਗੱਤਕਾ ਖੁੱਲ੍ਹਾ ਖੇਡਿਆ ਜਾਂਦਾ ਹੈ ਉੱਥੇ ਹੁਣ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਕੌਮਾਤਰੀ ਨਿਯਮਾਵਲੀ ਲਾਗੂ ਕਰਕੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਖੇਡੇ ਜਾਣ ਵਾਲੇ ਗੱਤਕਾ ਮੁਕਾਬਲਿਆਂ ਨੂੰ ਪੁਆਇੰਟ ਸਿਸਟਮ ਰਾਹੀਂ ਤਰਤੀਬ ਬੱਧ ਕੀਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਗਰੇਡੇਸ਼ਨ ਸੂਚੀ ਵਿੱਚ ਸ਼ਾਮਲ ਹੋਣ ਕਰਕੇ ਬਾਕੀ ਖੇਡਾਂ ਦੇ ਖਿਡਾਰੀਆਂ ਵਾਂਗ ਗੱਤਕਾ ਖਿਡਾਰੀ ਵੀ ਦਾਖ਼ਲੇ ਸਮੇਂ ਅਤੇ ਨੌਕਰੀਆਂ ਵਿੱਚ ਭਰਤੀ ਸਮੇਂ 3 ਫ਼ੀਸਦੀ ਰਾਖਵਾਂਕਰਨ ਖੇਡ ਕੋਟੇ ਦੀ ਸਹੂਲਤ ਲੈ ਰਹੇ ਹਨ।
ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਇਹ ਯਤਨ ਨਿਸ਼ਚਿਤ ਤੌਰ 'ਤੇ ਲੁਪਤ ਹੁੰਦੀ ਜਾ ਰਹੀ ਇੱਕ ਇਤਿਹਾਸਕ ਮਹੱਤਤਾ ਰੱਖਣ ਵਾਲੀ ਭਾਰਤੀ ਪ੍ਰੰਪਰਿਕ ਮਾਰਸ਼ਲ ਆਰਟ ਨੂੰ ਪ੍ਰਫੁੱਲਤ ਕਰਨ ਅਤੇ ਮੁੜ ਸੁਰਜੀਤੀ ਵਿੱਚ ਮੱਦਦਗਾਰ ਸਾਬਤ ਹੋਵੇਗਾ।
ਉਨਾਂ ਦੱਸਿਆ ਕਿ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਅਕਤੂਬਰ ਮਹੀਨੇ ਜਿਲਾ ਪੱਧਰੀ ਗੱਤਕਾ ਚੈਂਪੀਅਨਸ਼ਿੱਪ ਕਰਵਾਈ ਜਾ ਰਹੀ ਹੈ ਜਿਸ ਵਿੱਚ ਜਿਲੇ ਦੀਆਂ ਗੱਤਕਾ ਟੀਮਾਂ ਹੀ ਭਾਗ ਲੈਣਗੀਆਂ ਅਤੇ ਜੇਤੂ ਰਹੀ ਟੀਮ ਜਿਲੇ ਦੀ ਪ੍ਰਤੀਨਿੱਧਤਾ ਕਰਦੀ ਹੋਈ ਰਾਜ ਪੱਧਰੀ ਚੈਂਪੀਅਨਸ਼ਿੱਪ ਵਿੱਚ ਭਾਗ ਲਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਚਪੜੌਦਾ, ਦਲਜੀਤ ਸਿੰਘ ਵੜੈਚ, ਦਲਜੀਤ ਸਿੰਘ ਮੰਡੀਆਂ, ਸੰਤੋਖ ਸਿੰਘ ਕੰਗਣਵਾਲ, ਜਸਵੰਤ ਸਿੰਘ ਅਹਿਮਦਗੜ੍ਹ, ਹੁਸ਼ਿਆਰ ਸਿੰਘ ਰਾਣੂ, ਪਲਵਿੰਦਰ ਸਿੰਘ ਖੜਕੇਵਾਲ, ਬਲਜਿੰਦਰ ਸਿੰਘ ਦੁੱਲਵਾਂ, ਭੁਪਿੰਦਰ ਸਿੰਘ ਬਧੇਸ਼ਾ, ਪਰਮਿੰਦਰ ਸਿੰਘ ਸੰਦੌੜ, ਆਤਮਾ ਸਿੰਘ ਰੋਹੀੜਾ ਤੇ ਰਾਜਦੀਪ ਸਿੰਘ ਖਾਨਪੁਰ ਵੀ ਹਾਜਰ ਸਨ।