ਬਾਰਿਸ਼ ਹੋਣ ਤੋਂ ਬਾਅਦ ਡੇਂਗੂ ਦੇ ਮੱਛਰਾਂ ਵਿੱਚ ਵਾਧਾ ਹੋਣਾ ਸੁਭਾਵਿਕ, ਸਿਹਤ ਵਿਭਾਗ ਵੱਲੋਂ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ
ਹਰੀਸ਼ ਕਾਲੜਾ
ਰੂਪਨਗਰ,27 ਸਤੰਬਰ 2022: ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਲੋਕਾਂ ਨੂੰ ਜਰੂਰੀ ਅਪੀਲ ਕਰਦਿਆਂ ਕਿਹਾ ਕਿ ਵੈਕਟਰ ਬੌਰਨ ਬਿਮਾਰੀਆਂ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੂਪਨਗਰ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋਈ ਬਰਸਾਤ ਕਾਰਣ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਪਾਣੀ ਇੱਕਠਾ ਹੋਣ ਕਾਰਨ ਡੇਂਗੂ ਮੱਛਰ ਦੇ ਲਾਰਵੇ ਦੀ ਪੈਦਾਇਸ਼ ਵਿੱਚ ਵਾਧਾ ਹੋਣਾ ਸੁਭਾਵਿਕ ਹੈ, ਜਿਸ ਕਾਰਣ ਡੇਂਗੂ ਬੁਖਾਰ ਦੇ ਕੇਸਾਂ ਵਿੱਚ ਵਾਧਾ ਹੋਣ ਦਾ ਡਰ ਹੈ।
ਇਸ ਲਈ ਡੇਂਗੂ ਬੂਖਾਰ ਤੋਂ ਬਚਣ ਲਈ ਆਪਣੇ ਆਲੇ ਦੁਆਲੇ, ਘਰਾਂ ਵਿੱਚ ਕੰਮ ਵਾਲੇ ਸਥਾਨ ਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਘਰਾਂ ਵਿੱਚ ਪਏ ਪਾਣੀ ਦੇ ਕੰਨਟੇਨਰ ਜਿਵੇਂ ਕਿ ਗਮਲੇ, ਟੁੱਟੇ ਫੁੱਟੇ ਬਰਤਨ, ਟਾਇਰ, ਡਰੱਮ, ਫਰਿੱਜ ਦੀਆਂ ਪਿਛਲੀਆਂ ਟ੍ਰੇਆਂ ਅਤੇ ਕੂਲਰਾਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੇ ਕੰਨਟੇਨਰ, ਟੱਬ ਆਦਿ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਹੀ ਪਾਣੀ ਭਰਿਆ ਜਾਵੇ ਅਤੇ ਉਸ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ ਤਾਂ ਜੋ ਉਸ ਵਿੱਚ ਡੇਂਗੂ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ।
ਸਵੇਰੇ ਸ਼ਾਮ ਸੈਰ ਕਰਨ ਸਮੇਂ ਪੂਰੀਆਂ ਬਾਹਾਂ ਦੇ ਕਪੜੇ, ਪਜਾਮੇ, ਜੁਰਾਬਾਂ ਪਹਿਨ ਕੇ ਹੀ ਸੈਰ ਕੀਤੀ ਜਾਵੇ ਤਾਂ ਜੋ ਮੱਛਰ ਨਾ ਕੱਟ ਸਕੇ। ਬੱਚਿਆਂ ਨੂੰ ਸਕੂਲ ਭੇਜਣ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਜਦੋ ਵੀ ਸਿਹਤ ਵਿਭਾਗ ਦੀ ਟੀਮ ਜਨ ਸਮੂਹ ਨੂੰ ਡੇਂਗੂ ਬੁਖਾਰ ਬਾਰੇ ਜਾਗਰੂਕ ਕਰਨ ਲਈ ਆਉਂਦੀ ਹੈ ਤਾਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਆਪਣੇ ਪੱਧਰ ਤੇ ਦਵਾਈ ਨਾ ਲਈ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਤਾਂ ਤੁਰੰਤ ਆਪਣੇ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਮੁੱਢਲੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਵੱਲੋਂ ਮੁਫਤ ਕੀਤਾ ਜਾਂਦਾ ਹੈ।
ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਜਦੋਂ ਵੀ ਫੋਗਿੰਗ ਕਰਨ ਲਈ ਨਗਰ ਕੌਂਸਲ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਹਨ ਤਾਂ ਉਸ ਵੇਲੇ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜੇ ਖੁੱਲੇ ਰੱਖੇ ਜਾਣ ਤਾਂ ਜੋ ਡੇਂਗੂ ਦਾ ਮੱਛਰ ਮਰ ਸਕੇ।ਉਹਨਾਂ ਕਿਹਾ ਕਿ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਅਸੀਂ ਬੜੀ ਆਸਾਨੀ ਨਾਲ ਇਸ ਬੀਮਾਰੀ ਤੋਂ ਬਚ ਸਕਦੇ ਹਾਂ।