“ਸੁਰੱਖਿਅਤ ਗਰਭਪਾਤ” ਵਿਸ਼ੇ ’ਤੇ ਜ਼ਿਲ੍ਹਾ ਪੱਧਰੀ 12 ਦਿਨਾਂ ਟ੍ਰੇਨਿੰਗ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 06 ਅਕਤੂਬਰ 2022 :- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ “ਸੁਰੱਖਿਅਤ ਗਰਭਪਾਤ” ਵਿਸ਼ੇ ਉੱਤੇ ਜ਼ਿਲ੍ਹਾ ਪੱਧਰੀ 12 ਦਿਨਾਂ ਟ੍ਰੇਨਿੰਗ ਸ਼ੁਰੂ ਹੋ ਗਈ ਹੈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰਾਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਨੇ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਸੁਰੱਖਿਅਤ ਗਰਭਪਾਤ ਔਰਤਾਂ ਲਈ ਬਹੁਤ ਖਤਰਨਾਕ ਹੈ, ਕਿਉਂਕਿ ਇਸ ਨਾਲ ਔਰਤਾਂ ਦੀ ਜਾਨ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ ਡੇਢ ਕਰੋੜ ਤੋਂ ਵੱਧ ਗਰਭਪਾਤ ਹੁੰਦੇ ਹਨ, ਜਿਨ੍ਹਾਂ ਵਿਚੋਂ 56 ਫੀਸਦੀ ਗਰਭਪਾਤ ਅਸੁਰੱਖਿਅਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਅਸੁਰੱਖਿਅਤ ਗਰਭਪਾਤ ਕਾਰਨ ਲਗਭਗ 3500 ਔਰਤਾਂ ਦੀ ਮੌਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਅਤ ਗਰਭਪਾਤ ਕਾਨੂੰਨੀ ਤੌਰ ਉੱਤੇ ਮਾਨਤਾ ਪ੍ਰਾਪਤ ਹੈ ਪਰ ਇਹ ਹਰ ਹਾਲ ਵਿਚ ਸਿੱਖਿਅਤ ਡਾਕਟਰ ਦੀ ਮੌਜੂਦਗੀ ਵਿਚ ਹੀ ਹੋਣਾ ਚਾਹੀਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਨੇ ਕਿਹਾ ਕਿ ਅਸੁਰੱਖਿਅਤ ਗਰਭਪਾਤ ਦੇ ਮਾਮਲਿਆਂ ਨੂੰ ਠੱਲ ਪਾਉਣ ਦੀ ਬੇਹੱਦ ਜ਼ਰੂਰਤ ਹੈ, ਜਿਸ ਵਿਚ ਮੈਡੀਕਲ ਅਫਸਰ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗਰਭਪਾਤ ਕਾਰਨ ਮਾਤਰੀ ਮੌਤਾਂ ਨੂੰ ਘਟਾਉਣ ਲਈ ਸਿਹਤ ਵਿਭਾਗ ਨੇ ਕਈ ਮਹੱਤਵਪੂਰਨ ਕਦਮ ਉਠਾਏ ਹਨ ਅਤੇ ਇਸ ਨਾਲ ਬਹੁਤ ਸਾਰੀਆਂ ਔਰਤਾਂ ਨੂੰ ਲਾਭ ਮਿਲ ਸਕਦਾ ਹੈ।
ਇਸ ਮੌਕੇ ਟ੍ਰੇਨਰ ਡਾ. ਮੋਨਿਕਾ ਜੈਨ ਨੇ ਔਰਤਾਂ ਦੀਆਂ ਪ੍ਰਜਣਨ ਸਿਹਤ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਗਰਭਪਾਤ ਨਾਲ ਸਬੰਧਤ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿਚ 80 ਫੀਸਦੀ ਔਰਤਾਂ ਨੂੰ ਮੈਡੀਕਲ ਗਰਭਪਾਤ ਖਾਤਮਾ (ਐੱਮ.ਟੀ.ਪੀ.) ਐਕਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਜੇਕਰ ਔਰਤਾਂ ਨੂੰ ਐੱਮ.ਟੀ.ਪੀ. ਐਕਟ ਬਾਰੇ ਜਾਣਕਾਰੀ ਹੋਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸ੍ਰੀ ਜਗਤ ਰਾਮ ਤੇ ਬਲਾਕ ਐਕਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।