ਨਸਬੰਦੀ ਪੰਦਰਵਾੜੇ ਦੌਰਾਨ ਯੋਗ ਜੋੜਿਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ : ਸਿਵਲ ਸਰਜਨ
ਹਰੀਸ਼ ਕਾਲੜਾ
ਰੂਪਨਗਰ , 29 ਨਵੰਬਰ 2022:ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਅਤੇ ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਰੂਪਨਗਰ ਵਿਖੇ ਨਸਬੰਦੀ ਪੰਦਰਵਾੜੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਯੋਗ ਜੋੜਿਆਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਰਦਾਂ ਦੀ ਚੀਰਾ ਰਹਿਤ ਨਸਬੰਦੀ ਦਾ ਮਰਦਾਂ ਦੀ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।ਪਰਿਵਾਰ ਨਿਯੋਜਨ ਪ੍ਰੋਗਰਾਮ ਭਾਰਤ ਵਿੱਚ ਪਹਿਲਾਂ ਸਾਲ 1952 ਵਿੱਚ ਸ਼ੁਰੂ ਕੀਤਾ ਗਿਆ ਸੀ।ਇਸ ਪ੍ਰੋਗਰਾਮ ਤਹਿਤ ਭਾਰਤ ਦੇਸ਼ ਦੀ ਵੱਧਦੀ ਆਬਾਦੀ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਅਭਿਆਨ ਸ਼ੁਰੂ ਕੀਤੇ ਗਏ ਅਤੇ ਵੱਧਦੀ ਅਬਾਦੀ ਨਾਲ ਹੋਣ ਵਾਲੀ ਸਮੱਸਿਆਂਵਾ ਜਿਵੇਂ ਗਰੀਬੀ,ਅਨਪੜਤਾ,ਬੇਰੋਜਗਾਰੀ ਆਦਿ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪਰਿਵਾਰ ਨੂੰ ਸੀਮਤ ਰੱਖਣ ਲਈ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨ ਸ਼ੁਰੂ ਕੀਤੇ ਗਏ।ਚੀਰਾ ਰਹਿਤ ਨਸਬੰਦੀ ਪੁਰਸ਼ਾਂ ਲਈ ਬਹੁਤ ਹੀ ਆਸਾਨ ਪਰਿਵਾਰ ਨਿਯੋਜਨ ਦਾ ਪੱਕਾ,ਸੁਰੱਖਿਅਤ ਤਰੀਕਾ ਹੈ।ਇਸ ਨੂੰ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ ਅਤੇ ਕੋਈ ਵੀ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ।ਨਸਬੰਦੀ ਕਰਾਉਣ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਆਪਣੇ ਘਰ ਖੁਦ ਚੱਲ ਕੇ ਜਾ ਸਕਦਾ ਹੈ ਅਤੇ ਮਰਦਾਨਾ ਤਾਕਤ ਪਹਿਲਾਂ ਵਾਂਗ ਹੀ ਬਣੀ ਰਹਿੰਦੀ ਹੈ।ਚੀਰਾ ਰਹਿਤ ਨਸਬੰਦੀ ਤੋਂ ਬਾਅਦ ਪੁਰਸ਼ ਕੋਈ ਵੀ ਭਾਰੀ ਕੰਮ ਪਹਿਲਾਂ ਦੀ ਤਰਾਂ ਹੀ ਕਰ ਸਕਦਾ ਹੈ।
ਇਸ ਮੌਕੇ ਤੇ ਡਾ.ਗਾਇਤਰੀ ਦੇਵੀ ਜਿਲ੍ਹਾ ਪਰਿਵਾਰ ਭਲਾਈ ਅਫਸਰ ਰੂਪਨਗਰ ਨੇ ਕਿਹਾ ਕਿ ਚੀਰਾ ਰਹਿਤ ਨਸਬੰਦੀ ਕਰਾਉਣ ਵਾਲੇ ਪੁਰਸ਼ ਨੂੰ 1100/- ਰੁ: ਨਕਦ ਅਤੇ ਉਤਸ਼ਾਹਿਤ ਕਰਨ ਵਾਲੇ ਨੂੰ 200/- ਰੁ: ਨਕਦ ਦਿੱਤੇ ਜਾਂਦੇ ਹਨ।ਅੋਰਤਾਂ ਦੀ ਪਰਿਵਾਰ ਨਿਯੋਜਨ ਵਿੱਚ ਕਾਫੀ ਭਾਗੀਦਾਰੀ ਰਹੀ ਹੈ।ਇਸ ਲਈ ਹੁਣ ਮਰਦਾਂ ਨੂੰ ਵੀ ਅਗੇ ਆ ਕੇ ਨਸਬੰਦੀ ਕਰਵਾਉਣੀ ਚਾਹੀਦੀ ਹੈ।ਮਰਦਾਂ ਲਈ ਇਹ ਇਕ ਆਸਾਨ ਤਰੀਕਾ ਹੈ।ਇਸ ਨਾਲ ਮਰਦਾਂ ਨੂੰ ਕਿਸੇ ਕਿਸਮ ਦੀ ਸਰੀਰਿਕ ਸਮੱਸਿਆ ਨਹੀਂ ਆਉਂਦੀ ਹੈ।
ਉਨ੍ਹਾਂ ਕਿਹਾ ਕਿ 28 ਨਵੰਬਰ ਤੋਂ 4 ਦਸੰਬਰ ਤੱਕ ਜਿਲ੍ਹਾ ਰੂਪਨਗਰ ਵਿੱਚ ਚੀਰਾ ਰਹਿਤ ਨਸਬੰਦੀ ਸਬੰਧੀ ਕੈਂਪ ਲਗਾਏ ਜਾਣਗੇ।ਪਰਿਵਾਰ ਨਿਯੋਜਨ ਦੇ ਸਾਧਨ ਅੰਤਰਾ ਟੀਕਾ ਅਤੇ ਛਾਇਆ ਗਰਭ ਨਿਰੋਧਕ ਗੋਲੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਤਰਾ ਟੀਕਾ ਗਰਭਨਿਰੋਧਕ ਦਾ ਵਧੀਆ ਸਾਧਨ ਹੈ,ਇੱਕ ਅੰਤਰਾ ਟੀਕਾ ਲਗਾਉਣ ਤੇ ਤਿੰਨ ਮਹੀਨੇ ਗਰਭ ਧਾਰਨ ਦੀ ਚਿੰਤਾ ਖਤਮ ਹੋ ਜਾਂਦੀ ਹੈ ਅਤੇ ਤਿੰਨ ਮਹੀਨੇ ਬਾਅਦ ਇੱਹ ਟੀਕਾ ਦੁਬਾਰਾ ਲਗਾਉਣਾ ਪੈਂਦਾ ਹੈ।
ਇਸ ਮੌਕੇ ਡਾ.ਨੀਰਜ ਇਸਤਰੀ ਰੋਗਾਂ ਦੇ ਮਾਹਿਰ,ਮੈਟਰਨ ਜਗੀਰ ਕੌਰ,ਨਰਸਿੰਗ ਸਿਸਟਰ ਕੁਲਵਿੰਦਰ ਕੌਰ, ,ਹਰਵਿੰਦਰ ਸਿੰਘ ਬੀ.ਈ.ਈ,ਅਜੇ ਸ਼ਰਮਾਂ ਕਲਰਕ,ਭੁਪਿੰਦਰ ਕੌਰ ਏ.ਐਨ.ਐਮ,ਜੀਵਨ ਜੋਤੀ ਏ.ਐਨ.ਐਮ,ਆਸ਼ਾ ਵਰਕਰਜ਼ ਅਤੇ ਪਤਵੰਤੇ ਸੱਜਣ ਹਾਜਰ ਸਨ।