ਗੱਤਕਾ ਖੇਡ ਨੂੰ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕਰਕੇ ਪੰਜਾਬ ਸਰਕਾਰ ਨੇ ਵੱਡਾ ਮਾਣ ਬਖਸ਼ਿਆ - ਪ੍ਰਧਾਨ ਮਨਜੀਤ ਕੌਰ
- ਵੱਖ-ਵੱਖ ਜ਼ਿਲ੍ਹਿਆਂ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਹਿੱਸਾ
ਹਰੀਸ਼ ਕਾਲੜਾ
ਰੂਪਨਗਰ, 09 ਦਸੰਬਰ 2022:ਪ੍ਰਾਇਮਰੀ ਸਕੂਲ ਖੇਡਾਂ ਵਿੱਚ ਗੱਤਕਾ ਖੇਡ ਨੂੰ ਪਹਿਲੀ ਵਾਰ ਸ਼ਾਮਲ ਕਰਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਮਾਣ ਬਖਸ਼ਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਖੇਡਾਂ ਸ਼ੁਰੂ ਕਰਨ ਦੇ ਰਸਮੀ ਉਦਘਾਟਨ ਤੇ ਐਲਾਨ ਤੋਂ ਬਾਅਦ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਕੀਤੀ ਗਈ।
ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਨੇ ਦੱਸਿਆ ਕਿ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਗੱਤਕਾ ਖੇਡ ਦੇ ਮੁਕਾਬਲੇ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਸ਼ਤਰ ਪ੍ਰਦਰਸ਼ਨ ਟੀਮ ਈਵੈਂਟ ਵਿੱਚ ਲੁਧਿਆਣਾ ਟੀਮ ਨੇ ਪਹਿਲਾ ਸਥਾਨ, ਮਾਨਸਾ ਟੀਮ ਨੇ ਦੂਜਾ ਸਥਾਨ ਤੇ ਹੁਸ਼ਿਆਰਪੁਰ ਤੇ ਸੰਗਰੂਰ ਜ਼ਿਲ੍ਹੇ ਦੀਆਂ ਟੀਮਾਂ ਤੀਸਰੇ ਸਥਾਨ ਤੇ ਰਹੀਆਂ। ਵਿਅਕਤੀਗਤ ਪ੍ਰਦਰਸ਼ਨ ਵਿੱਚ ਫਤਿਹਗੜ੍ਹ ਸਾਹਿਬ ਦੇ ਪਰਮਵੀਰ ਸਿੰਘ ਨੇ ਪਹਿਲਾ ਸਥਾਨ, ਲੁਧਿਆਣਾ ਦੇ ਜਸਕੀਰਤ ਸਿੰਘ ਨੇ ਦੂਜਾ ਸਥਾਨ ਤੇ ਸੰਗਰੂਰ ਦੇ ਏਕਮਜੀਤ ਸਿੰਘ, ਫਾਜ਼ਿਲਕਾ ਦੇ ਗੁਰਅੰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਐਸ ਪੀ ਸਿੰਘ ਤੇ ਜ਼ਿਲ੍ਹਾ ਮੈਂਟਰ ਸ.ਬਲਜਿੰਦਰ ਸਿੰਘ ਤੇ ਪ੍ਰਿੰਸੀਪਲ ਸ਼੍ਰੀ ਵਰਿੰਦਰ ਸ਼ਰਮਾ ਵੱਲੋਂ ਇਨਾਮ ਵੰਡੇ ਗਏ।
ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਨ ਜੀ ਏ ਆਈ ਦੇ ਮੁੱਖ ਕੋਚ ਸ.ਯੋਗਰਾਜ ਸਿੰਘ ਤੇ ਸ.ਹਰਵਿੰਦਰ ਸਿੰਘ ਆਪਣੀ ਪੂਰੀ ਟੀਮ ਸ. ਸ਼ੈਰੀ ਸਿੰਘ, ਸ.ਰਮਨਦੀਪ ਸਿੰਘ, ਸ.ਹਰਸਿਮਰਨ ਸਿੰਘ, ਸ.ਜਸਪ੍ਰੀਤ ਸਿੰਘ, ਸ.ਜਸ਼ਨਦੀਪ ਸਿੰਘ, ਸ.ਹਰਸਿਮਰਨ ਸਿੰਘ, ਸ.ਜਸਵਿੰਦਰ ਸਿੰਘ , ਸ.ਰਵਿੰਦਰ ਸਿੰਘ ਸਮੇਤ ਪਹੁੰਚੇ ਹੋਏ ਸਨ।
ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਸ.ਗੁਰਪ੍ਰੀਤ ਸਿੰਘ ਭਾਓਵਾਲ, ਜਨਰਲ ਸਕੱਤਰ ਸ.ਗੁਰਵਿੰਦਰ ਸਿੰਘ ਘਨੌਲੀ, ਸੰਯੁਕਤ ਸਕੱਤਰ ਸ.ਜਸਪ੍ਰੀਤ ਸਿੰਘ ਤੋਂ ਇਲਾਵਾ ਜੇਤੂ ਟੀਮਾਂ ਦੇ ਇੰਚਾਰਜ ਸਾਹਿਬਾਨ ਹਾਜ਼ਰ ਸਨ ।