ਆਓ, ਆਪਣੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ "ਜ਼ਿੰਦਗੀ ਦੀਆਂ ਦੋ ਬੂੰਦਾਂ" ਪਿਲਾਈਏ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ
- ਜ਼ਿਲ੍ਹੇ ਵਿੱਚ 55864 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ
- ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਭਲਕੇ ਤੋਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ 2023 - ਜ਼ਿਲ੍ਹੇ ਵਿੱਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ 28 ਮਈ, 2023 ਦਿਨ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 30 ਮਈ ਤੱਕ ਜਾਰੀ ਰਹੇਗੀ।
ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਉਪ ਪਲਸ ਪੋਲੀਓ ਮੁਹਿੰਮ ਦੌਰਾਨ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਕੁੱਲ 55864 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਪਹਿਲੇ ਦਿਨ 223 ਬੂਥ ਸਥਾਪਿਤ ਕੀਤੇ ਜਾਣਗੇ, ਜਦੋਂਕਿ ਦੂਜੇ ਅਤੇ ਤੀਜੇ ਦਿਨ 447 ਘਰ-ਘਰ ਟੀਮਾਂ, 16 ਟਰਾਂਜ਼ਿਟ ਟੀਮਾਂ ਅਤੇ 7 ਮੋਬਾਈਲ ਟੀਮਾਂ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਾਇਨਾਤ ਰਹਿਣਗੀਆਂ।
ਡਾ. ਜਸਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਇਸ ਤਿੰਨ ਦਿਨਾਂ ਮੁਹਿੰਮ ਦੌਰਾਨ 1,37958 ਘਰਾਂ, 17 ਅਨਾਜ ਮੰਡੀਆਂ, 16 ਫੈਕਟਰੀਆਂ, 70 ਇੱਟਾਂ ਦੇ ਭੱਠਿਆਂ ਅਤੇ 77 ਉੱਚ ਜੋਖਮ (ਹਾਈ ਰਿਸਕ) ਵਾਲੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਅਰਧ-ਸ਼ਹਿਰੀ ਖੇਤਰਾਂ, ਝੁੱਗੀਆਂ-ਝੌਂਪੜੀਆਂ, ਛੋਟੇ-ਵੱਡੇ ਕਾਰਖਾਨਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ ਅਤੇ ਟਰਾਂਜ਼ਿਟ ਟੀਮਾਂ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ 'ਤੇ ਬੱਚਿਆਂ ਨੂੰ ਬੂੰਦਾਂ ਪਿਲਾਉਣਗੀਆਂ। ਇਸ ਮੁਹਿੰਮ ਦੀ ਨਿਗਰਾਨੀ ਲਈ ਕੁੱਲ 45 ਨਿਗਰਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਭਾਵੇਂ ਪਿਛਲੇ 12 ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ ਜੋ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਪੋਲੀਓ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਇਹ ਉਪ ਰਾਸ਼ਟਰੀ ਪਲਸ ਪੋਲੀਓ ਰਾਊਂਡ ਬਹੁਤ ਮਹੱਤਵਪੂਰਨ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ ਜ਼ਿਲ੍ਹੇ ਵਿਚ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਲੋੜ ਹੈ।
ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਟੀਮਾਂ ਦਾ ਸਹਿਯੋਗ ਕਰਨ ਅਤੇ ਆਪਣੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਉਣ।