ਸਿਹਤ ਵਿਭਾਗ ਨੇ ਜਾਗਰੂਕਤਾ ਸਾਈਕਲ ਰੈਲੀ ਰਾਹੀਂ ਗੈਰ-ਸੰਚਾਰੀ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਦਾ ਦਿੱਤਾ ਸੁਨੇਹਾ
- ਸਿਵਲ ਸਰਜਨ ਨੇ ਜੂਨੀਅਰ ਸਾਇਕਲਿਸਟਾਂ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਵਾ ਕੇ ਤੰਦਰੁਸਤ ਸਿਹਤ ਪ੍ਰਤੀ ਕੀਤਾ ਉਤਸਾਹਿਤ
ਜਲੰਧਰ, 08-06-2023 - ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਵਿੱਚ ਲੋਕਾਂ ਨੂੰ ਤੰਦਰੁਸਤ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਵੀਰਵਾਰ ਨੂੰ ਜਾਗਰੂਕਤਾ ਸਾਈਕਲ ਰੈਲੀ ਕਰਵਾਈ ਗਈ। ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਾਈਕਲ ਰੈਲੀ ਦੀ ਸ਼ੁਰੂਆਤ ਜੂਨੀਅਰ ਸਾਇਕਲਿਸਟ ਵਾਨਯਾ ਖੰਨਾ, ਅਰਚਨਾ ਮਦਾਨ ਅਤੇ ਰਣਵੀਰ ਸਿੰਘ ਤੋਂ ਹਰੀ ਝੰਡੀ ਦਵਾ ਕੇ ਕੀਤੀ ਗਈ। ਇਹ ਰੈਲੀ ਸਿਵਲ ਸਰਜਨ ਦਫਤਰ ਜਲੰਧਰ ਤੋਂ ਸ਼ੁਰੂ ਹੋ ਕੇ ਜਯੋਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਂਕ, ਮਿਲਕ ਬਾਰ ਚੌਕ, ਮਾਡਲ ਟਾਊਨ ਸ਼ਿਵਾਨੀ ਪਾਰਕ, ਏ.ਪੀ.ਜੇ. ਕਾਲਜ, ਗੁਰੂ ਨਾਨਕ ਮਿਸ਼ਨ ਚੌਂਕ, ਸਕਾਈ ਲਾਰਕ ਚੌਂਕ ਤੋਂ ਹੁੰਦੇ ਹੋਏ ਸਿਵਲ ਸਰਜਨ ਦਫਤਰ ਵਿਖੇ ਸਮਾਪਤ ਹੋਈ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਜਾਗਰੂਕਤਾ ਸਾਈਕਲ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਗੈਰ-ਸੰਚਾਰੀ ਰੋਗਾਂ ਜਿਵੇਂ ਸੂਗਰ, ਬੀ.ਪੀ., ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕਰਦੇ ਹੋਏ ਮਾਨਸਿਕ ਅਤੇ ਤੰਦਰੁਸਤ ਸਿਹਤ ਪ੍ਰਤੀ ਜਨ-ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਅਤੇ ਤੰਦਰੁਸਤ ਸਿਹਤ ਲਈ ਸਾਇਕਲਿੰਗ ਕਰਨਾ ਇੱਕ ਕਾਰਗਰ ਉਪਰਾਲਾ ਹੈ, ਉਨ੍ਹਾਂ ਕਿਹਾ ਕਿ ਸਾਡੇ ਬਜੁਰਗ ਇੱਕ ਸਿਹਤਮੰਦ ਜੀਵਨ-ਸ਼ੈਲੀ ਅਪਣਾ ਕੇ ਲੰਬੀ ਉਮਰ ਹੰਢਾਉਂਦੇ ਸਨ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤਣਾਅ, ਖਾਣ-ਪੀਣ ਦੇ ਬਦਲਾਅ ਅਤੇ ਜੰਕ ਫੂਡ ਦੀ ਜਿਆਦਾ ਵਰਤੋਂ ਸਦਕਾ ਬਿਮਾਰੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਇਸ ਲਈ ਬੀਮਾਰੀਆਂ ਤੋਂ ਬਚਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਸਾਈਕਲਿੰਗ ਕਰਨ ਦੇ ਨਾਲ-ਨਾਲ ਜੰਕ ਫੂਡ ਤੋਂ ਪ੍ਰਹੇਜ ਕਰਕੇ ਘਰ ਵਿੱਚ ਬਣੇ ਤਾਜੇ ਅਤੇ ਪੌਸ਼ਟਿਕ ਖਾਣੇ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।
ਸਿਵਲ ਸਰਜਨ ਵੱਲੋਂ ਹਾਕ ਰਾਈਡਰਜ਼ ਜਲੰਧਰ ਸਾਈਕਲਿੰਗ ਗਰੁੱਪ (ਸੀਨੀਅਰਜ਼), ਜੂਨੀਅਰ ਹਾਕ ਰਾਈਡਰ ਸਾਇਕਲਿੰਗ ਗਰੁੱਪ ਅਤੇ ਸਕਾਈ ਰਾਈਡਰਜ਼ ਜਲੰਧਰ ਦੇ ਸਾਈਕਲਿਸਟਾਂ ਨੂੰ ਪ੍ਰਸੰਸਾ-ਪੱਤਰ ਦਿੱਤੇ ਗਏ ਅਤੇ ਇਸ ਜਾਗਰੂਕਤਾ ਸਾਈਕਲ ਰੈਲੀ ਵਿੱਚ ਭਾਗ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੌਪੜਾ, ਸਹਾਇਕ ਸਿਹਤ ਅਫ਼ਸਰ ਡਾ. ਸੱਤਜੀਤ ਕੌਰ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਬਲਜੀਤ ਕੌਰ ਰੂਬੀ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ ਸਿੰਘ, ਐਸ.ਐਮ.ਓ. ਡਾ. ਗੁਰਮੀਤ ਲਾਲ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।